ਨਵੀਂ ਦਿੱਲੀ, 18 ਫਰਵਰੀ
ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਦੂਜੇ ਟੈਸਟ ਦੇ ਦੂਜੇ ਦਿਨ ਅੱਜ ਆਪਣੀ ਪਹਿਲੀ ਪਾਰੀ ‘ਚ 83.3 ਓਵਰਾਂ ‘ਚ 262 ਦੌੜਾਂ ਬਣਾਈਆਂ। ਭਾਰਤੀ ਟੀਮ ਪਹਿਲੀ ਪਾਰੀ ਦੇ ਆਧਾਰ ‘ਤੇ ਆਸਟਰੇਲੀਆ ਤੋਂ ਇਕ ਦੌੜ ਪਿੱਛੇ ਹੈ। ਭਾਰਤ ਲਈ ਆਲਰਾਊਂਡਰ ਅਕਸ਼ਰ ਪਟੇਲ ਨੇ ਸਭ ਤੋਂ ਵੱਧ 74 ਦੌੜਾਂ ਦਾ ਯੋਗਦਾਨ ਦਿੱਤਾ। ਉਸ ਨੇ ਰਵੀਚੰਦਰਨ ਅਸ਼ਵਿਨ (37) ਨਾਲ ਅੱਠਵੀਂ ਵਿਕਟ ਲਈ 114 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਮੈਚ ਵਿੱਚ ਵਾਪਸ ਲਿਆਂਦਾ। ਅਕਸ਼ਰ ਨੇ 115 ਗੇਂਦਾਂ ਦੀ ਆਪਣੀ ਪਾਰੀ ਵਿੱਚ ਨੌਂ ਚੌਕੇ ਅਤੇ ਤਿੰਨ ਛੱਕੇ ਜੜੇ। ਭਾਰਤ ਨੇ ਚਾਹ ਤੱਕ ਤੱਕ 62 ਓਵਰਾਂ ਵਿੱਚ ਸੱਤ ਵਿਕਟਾਂ ‘ਤੇ 179 ਦੌੜਾਂ ਬਣਾਈਆਂ। ਭਾਰਤ ਲਈ ਵਿਰਾਟ ਕੋਹਲੀ ਨੇ 44 ਦੌੜਾਂ ਬਣਾਈਆਂ, ਜਦਕਿ ਕਪਤਾਨ ਰੋਹਿਤ ਸ਼ਰਮਾ ਨੇ 32 ਦੌੜਾਂ ਦਾ ਯੋਗਦਾਨ ਪਾਇਆ ਹੈ।ਉਧਰ ਆਸਟਰੇਲੀਆ ਨੇ ਅੱਜ ਇੱਥੇ ਭਾਰਤ ਖ਼ਿਲਾਫ਼ ਦੂਜੇ ਟੈਸਟ ਮੈਚ ਦੀ ਆਪਣੀ ਦੂਜੀ ਪਾਰੀ ‘ਚ 12 ਓਵਰਾਂ ‘ਚ ਇਕ ਵਿਕਟ ‘ਤੇ 61 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਆਸਟਰੇਲੀਆ ਦੀ ਪਹਿਲੀ ਪਾਰੀ ਵਿੱਚ 263 ਦੌੜਾਂ ਦੇ ਜਵਾਬ ਵਿੱਚ ਭਾਰਤ ਦੀ ਪਹਿਲੀ ਪਾਰੀ 262 ਦੌੜਾਂ ‘ਤੇ ਸਿਮਟ ਗਈ ਸੀ।