ਪੇਈਚਿੰਗ, 19 ਫਰਵਰੀ
ਚੀਨ ਦੇ ਦੱਖਣੀ ਸੂਬੇ ਜਿਆਂਗਸ਼ੀ ਦੇ ਇੱਕ ਥਾਣੇ ਵਿੱਚ ਨਸ਼ੇ ‘ਚ ਧੁੱਤ ਡਰਾਈਵਰ ਨੇ ਚਾਕੂ ਨਾਲ ਤਿੰਨ ਪੁਲੀਸ ਅਫਸਰਾਂ ਦੀ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਪੁਲੀਸ ਮੁਲਾਜ਼ਮਾਂ ਨੇ ਡਰਾਈਵਰ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਲਾਇਸੈਂਸ ਨਾ ਹੋਣ ਕਾਰਨ ਰੋਕਿਆ ਸੀ।
ਸੂਬੇ ਦੀ ਸ਼ਾਂਗਲੀ ਕਾਊਂਟੀ ਤੋਂ ਜਾਰੀ ਬਿਆਨ ਮੁਤਾਬਕ ਸ਼ੱਕੀ ਦੀ ਪਛਾਣ ਹੁਆਂਗ ਵਜੋਂ ਹੋਈ ਹੈ। ਸ਼ੁੱਕਰਵਾਰ ਰਾਤ ਨੂੰ ਵਾਪਰੀ ਇਸ ਘਟਨਾ ਮਗਰੋਂ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ, ਬਿਆਨ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਹੁਆਂਗ ਨੂੰ ਪਹਿਲਾਂ ਹਿਰਾਸਤ ਵਿੱਚ ਕਿਉਂ ਨਹੀਂ ਲਿਆ ਗਿਆ ਸੀ ਅਤੇ ਫਿਰ ਉਹ ਥਾਣੇ ਵਿੱਚ ਚਾਕੂ ਲੈ ਕੇ ਕਿਵੇਂ ਆਇਆ। ਜ਼ਿਕਰਯੋਗ ਹੈ ਕਿ ਚੀਨ ਵਿੱਚ ਹਿੰਸਕ ਅਪਰਾਧ ਨਾਲ ਸਬੰਧਿਤ ਮਾਮਲੇ ਬਹੁਤ ਹੀ ਘੱਟ ਹੁੰਦੇ ਹਨ।
ਇੱਥੇ ਨਿੱਜੀ ਹਥਿਆਰ ਰੱਖਣ ‘ਤੇ ਪਾਬੰਦੀ ਹੈ ਅਤੇ ਸ਼ੱਕੀਆਂ ਨੂੰ ਫੜਨ ਲਈ ਪੁਲੀਸ ਕੋਲ ਵੀ ਕਾਫੀ ਸ਼ਕਤੀਆਂ ਹਨ। ਹਾਲਾਂਕਿ, ਮਾਨਸਿਕ ਸਿਹਤ ਸਮੱਸਿਆਵਾਂ ਅਤੇ ਨਸ਼ੇ ਨਾਲ ਜੁੜੇ ਲੋਕਾਂ ਵਿੱਚ ਚਾਕੂ ਨਾਲ ਸਬੰਧਿਤ ਘਟਨਾਵਾਂ ਆਮ ਹਨ।
ਉਧਰ, ਚੀਨ ਦੇ ਦੂਰ-ਦੁਰਾਡੇ ਜ਼ਿਲ੍ਹਿਆਂ ਦੀ ਪੁਲੀਸ ਬਹੁਤ ਘੱਟ ਸਿਖਲਾਈ ਪ੍ਰਾਪਤ ਅਤੇ ਘਟੀਆ ਹਥਿਆਰਾਂ ਨਾਲ ਲੈਸ ਹੈ। ਉਹ ਹਮੇਸ਼ਾ ਆਪਣੀ ਨਫਰੀ ਵਧਾਉਣ ਲਈ ਸਹਾਇਕ ਅਤੇ ਪਾਰਟ ਟਾਈਮ ਸੁਰੱਖਿਆ ਗਾਰਡਾਂ ‘ਤੇ ਨਿਰਭਰ ਰਹਿੰਦੀ ਹੈ। ਮਾਰੇ ਗਏ ਤਿੰਨਾਂ ਅਫਸਰਾਂ ਵਿੱਚੋਂ ਇੱਕ ਪਾਰਟ -ਟਾਈਮ ਨੌਕਰੀ ਕਰਦਾ ਸੀ। -ਏਪੀ