ਨਵੀਂ ਦਿੱਲੀ: ਨਿਸ਼ਾਨੇਬਾਜ਼ ਵਰੁਣ ਤੋਮਰ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਕਾਹਿਰਾ ਵਿੱਚ ਚੱਲ ਰਹੇ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਫੈਡਰੇਸ਼ਨ (ਆਈਐੱਸਐੱਸਐੱਫ) ਰਾਈਫਲ/ਪਿਸਟਲ ਵਿਸ਼ਵ ਕੱਪ ਵਿੱਚ ਭਾਰਤ ਦਾ ਖਾਤਾ ਖੋਲ੍ਹਿਆ। ਇਸ 19 ਸਾਲਾ ਨਿਸ਼ਾਨੇਬਾਜ਼ ਨੇ ਟੂਰਨਾਮੈਂਟ ਦੇ ਪਹਿਲੇ ਦਿਨ ਤੀਸਰੇ ਸਥਾਨ ਦੇ ਸ਼ੂਟਆਫ ਵਿੱਚ ਹਮਵਤਨ ਸਰਬਜੋਤ ਸਿੰਘ ਨੂੰ ਪਛਾੜਿਆ। ਰੈਂਕਿੰਗ ਰਾਊਂਡ ਮਗਰੋਂ ਇਨ੍ਹਾਂ ਦਾ ਬਰਾਬਰ ਸਕੋਰ 250.6 ਸੀ। ਸਲੋਵਾਕੀਆ ਦੇ ਨਿਸ਼ਾਨੇਬਾਜ਼ ਜੁਰਾਜ ਤੁਜ਼ਿੰਸਕੀ ਨੇ ਇਟਲੀ ਦੇ ਪਾਓਲੋ ਮੋਨਾ ਨੂੰ 17-15 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਕੁਆਲੀਫਿਕੇਸ਼ਨ ਵਿੱਚ ਵਰੁਣ ਨੇ 583 ਅੰਕ ਹਾਸਲ ਕਰ ਕੇ ਦੂਸਰੇ ਸਥਾਨ ‘ਤੇ ਰਹਿੰਦਿਆਂ ਰੈਂਕਿੰਗ ਰਾਊਂਡ ਵਿੱਚ ਥਾਂ ਬਣਾਈ ਸੀ, ਜਦਕਿ ਸਰਬਜੋਤ ਨੇ 581 ਅੰਕਾਂ ਨਾਲ ਪੰਜਵਾਂ ਸਥਾਨ ਹਾਸਲ ਕੀਤਾ ਸੀ। -ਪੀਟੀਆਈ