ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਅੱਜ ਇੱਥੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਫ਼ੌਜ ਦੀ ਮੌਜੂਦਗੀ ਨੂੰ ਘੱਟ ਕਰਨਾ ਸਰਕਾਰ ਦਾ ਵਿਸ਼ੇਸ਼ ਅਧਿਕਾਰ ਹੈ। ਨੈਸ਼ਨਲ ਕਾਨਫਰੰਸ ਹੈੱਡਕੁਆਰਟਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ”ਇਹ ਸਰਕਾਰ ਦਾ ਮਾਮਲਾ ਹੈ। ਉਹ ਕਿੰਨੀ ਨਫ਼ਰੀ ਘਟਾਉਂਦੇ ਹਨ ਜਾਂ ਵਧਾਉਂਦੇ ਹਨ ਇਹ ਉਨ੍ਹਾਂ ਦਾ ਵਿਸ਼ੇਸ਼ ਅਧਿਕਾਰ ਹੈ। ਮੈਂ ਇਸ ਬਾਰੇ ਕੁੱਝ ਨਹੀਂ ਕਹਿ ਸਕਦਾ।” ਸ੍ਰੀਨਗਰ ਤੋਂ ਲੋਕ ਸਭਾ ਮੈਂਬਰ ਮੀਡੀਆ ਵਿੱਚ ਆਈਆਂ ਉਨ੍ਹਾਂ ਖ਼ਬਰਾਂ ਸਬੰਧੀ ਕੀਤੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਕਸ਼ਮੀਰ ਵਿੱਚ ਘਾਟੀ ਵਾਲੇ ਇਲਾਕਿਆਂ ਵਿੱਚ ਸੂਚੀਬੱਧ ਢੰਗ ਨਾਲ ਫ਼ੌਜ ਦੀ ਮੌਜੂਦਗੀ ਘਟਾਉਣ ‘ਤੇ ਵਿਚਾਰ ਕਰ ਰਹੀ ਹੈ। ਸੂਬੇ ਵਿੱਚ ਗ਼ੈਰ-ਕਾਨੂੰਨੀ ਉਸਾਰੀਆਂ ਢਾਹੁਣ ਦੀ ਮੁਹਿੰਮ ਨੂੰ ‘ਰੋਕਣ’ ਦੇ ਸਰਕਾਰ ਦੇ ਫ਼ੈਸਲੇ ਵਾਲੀਆਂ ਖ਼ਬਰਾਂ ‘ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ‘ਇਹ ਲੋਕਾਂ ਦੇ ਵਿਰੋਧ ਕਾਰਨ ਹੋਇਆ ਹੈ।’ -ਪੀਟੀਆਈ