ਮੁੰਬਈ: ਫਿਲਮ ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਨੂੰ ਇਸ ਵਾਰ ਦਾ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਐਵਾਰਡਜ਼ ਮਿਲਿਆ ਹੈ। ਇਸ ਸਬੰਧੀ ਸਮਾਗਮ ਮੁੰਬਈ ਦੇ ਪੰਜ-ਤਾਰਾ ਹੋਟਲ ਵਿੱਚ ਕਰਵਾਇਆ ਗਿਆ। ਆਲੀਆ ਨੇ ਸੰਜੈ ਲੀਲਾ ਭੰਸਾਲੀ ਦੀ ਫਿਲਮ ‘ਗੰਗੂਬਾਈ ਕਾਠੀਆਵਾੜੀ’ ‘ਚ ਨਿਭਾਏ ਗੰਗੂਬਾਈ ਦੇ ਕਿਰਦਾਰ ਬਦਲੇ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਜਿੱਤਿਆ, ਜਦਕਿ ਰਣਬੀਰ ਨੂੰ ਫਿਲਮ ‘ਬ੍ਰਹਮਾਸਤਰ’ ਲਈ ਸਰਵੋਤਮ ਅਦਾਕਾਰ ਚੁਣਿਆ ਗਿਆ। ਇਸ ਸਮਾਗਮ ਵਿਚ ਰਣਬੀਰ ਕਪੂਰ ਦੀ ਗੈਰ-ਮੌਜੂਦਗੀ ਵਿਚ ਉਸ ਦੀ ਪਤਨੀ ਆਲੀਆ ਭੱਟ ਨੇ ਐਵਾਰਡ ਹਾਸਲ ਕੀਤਾ। ਵਰੁਣ ਧਵਨ ਨੇ ਫਿਲਮ ‘ਭੇੜੀਆ’ ਲਈ ਕ੍ਰਿਟਿਕਸ ਬੈਸਟ ਐਕਟਰ ਦਾ ਐਵਾਰਡ ਜਿੱਤਿਆ। ਵਿਵੇਕ ਅਗਨੀਹੋਤਰੀ ਦੀ ‘ਦਿ ਕਸ਼ਮੀਰ ਫਾਈਲਜ਼’ ਨੂੰ ਸਰਵੋਤਮ ਫਿਲਮ ਦਾ ਐਵਾਰਡ ਦਿੱਤਾ ਗਿਆ। ਇਸ ਫਿਲਮ ਲਈ ਅਨੁਪਮ ਖੇਰ ਨੂੰ ਪੂਰੇ ਸਾਲ ਦਾ ਬਹੁਮੁਖੀ ਅਦਾਕਾਰ ਦਾ ਪੁਰਸਕਾਰ ਮਿਲਿਆ। ਨੀਤੂ ਕਪੂਰ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਸ ਦੇ ਲੜਕੇ ਤੇ ਨੂੰਹ ਨੇ ਦੋ ਐਵਾਰਡ ਜਿੱਤੇ ਹਨ। ਨੀਤੂ ਨੇ ਇੰਸਟਾਗ੍ਰਾਮ ‘ਤੇ ਆਲੀਆ ਵੱਲੋਂ ਦੋ ਐਵਾਰਡ ਹਾਸਲ ਕਰਦਿਆਂ ਦੀ ਸਟੋਰੀ ਸਾਂਝੀ ਕੀਤੀ ਹੈ। ਵਰੁਣ ਧਵਨ ਨੇ ਵੀ ਸੋਸ਼ਲ ਮੀਡੀਆ ‘ਤੇ ਐਵਾਰਡ ਹਾਸਲ ਕਰਨ ਦੀਆਂ ਫੋਟੋਆਂ ਜਨਤਕ ਕੀਤੀਆਂ ਹਨ। ਅਨੁਪਮ ਖੇਰ ਨੇ ਵੀ ਇੰਸਟਾਗਰਾਮ ‘ਤੇ ਲੰਮਾ ਨੋਟ ਪੋਸਟ ਕੀਤਾ ਹੈ। ਉਸ ਨੇ ਕਿਹਾ, ‘ਦਾਦਾ ਸਾਹਿਬ ਫਾਲਕੇ ਮੋਸਟ ਵਰਸੇਟਾਈਲ ਐਕਟਰ ਆਫ ਦਿ ਯੀਅਰ ਐਵਾਰਡ ਲਈ ਧੰਨਵਾਦ। ਮੈਂ ਇਹ ਐਵਾਰਡ ਆਪਣੇ ਪ੍ਰਸ਼ੰਸਕਾਂ ਨੂੰ ਸਮਰਪਿਤ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਪਿਛਲੇ 38 ਸਾਲਾਂ ਤੋਂ ਢੇਰ ਸਾਰਾ ਪਿਆਰ ਦਿੱਤਾ ਹੈ। ਮੈਂ ਸੁਫ਼ਨੇ ਦੇਖਣਾ ਅਤੇ ਸਖ਼ਤ ਮਿਹਨਤ ਕਰਨਾ ਜਾਰੀ ਰੱਖਾਂਗਾ। ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ‘ਦਿ ਕਸ਼ਮੀਰ ਫਾਈਲਜ਼’ ਨੇ ਬਿਹਤਰੀਨ ਫਿਲਮ ਦਾ ਐਵਾਰਡ ਹਾਸਲ ਕੀਤਾ ਹੈ। ਇਸ ਮੌਕੇ ਵਰੁਣ ਧਵਨ, ਰੋਨਿਤ ਰੌਏ, ਸ਼੍ਰੇਅਸ ਤਲਪੜੇ, ਆਰ ਬਾਲਕੀ, ਸਾਹਿਲ ਖਾਨ, ਨਟਾਲੀਆ ਬਾਰੂਲਿਚ, ਜੈਅੰਤੀਲਾਲ ਗੜਾ, ਸਾਕੇਤ, ਪਰਮਪਰਾ, ਵਿਵੇਕ ਅਗਨੀਹੋਤਰੀ, ਰਿਸ਼ਬ ਸ਼ੈੱਟੀ ਅਤੇ ਹਰੀਹਰਨ ਮੌਜੂਦ ਸਨ। -ਏਐੱਨਆਈ