ਮਾਸਕੋ, 21 ਫਰਵਰੀ
ਮੁੱਖ ਅੰਸ਼
- ਯੂਕਰੇਨ ਦੇ ਸ਼ਾਸਕਾਂ ‘ਤੇ ਪੱਛਮ ਦੇ ਇਸ਼ਾਰਿਆਂ ‘ਤੇ ਚੱਲਣ ਦਾ ਲਾਇਆ ਦੋਸ਼
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪੱਛਮੀ ਮੁਲਕਾਂ ‘ਤੇ ਯੂਕਰੇਨ ਵਿਚ ਜੰਗ ਭੜਕਾਉਣ ਤੇ ਇਸ ਨੂੰ ਕਾਇਮ ਰੱਖਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਮਾਸਕੋ ਉਤੇ ਲੱਗੇ ਸਾਰੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਰੂਸ ਵੱਲੋਂ ਯੂਕਰੇਨ ਉਤੇ ਕੀਤੇ ਹਮਲੇ ਨੂੰ ਕਰੀਬ ਇਕ ਸਾਲ ਹੋ ਗਿਆ ਹੈ ਤੇ ਹੁਣ ਤੱਕ ਲੱਖਾਂ ਲੋਕ ਮਾਰੇ ਗਏ ਹਨ। ਲੰਮੇ ਸਮੇਂ ਬਾਅਦ ਦੇਸ਼ਵਾਸੀਆਂ ਨੂੰ ਸੰਬੋਧਨ ਕਰਦਿਆਂ ਪੂਤਿਨ ਨੇ ਕਿਹਾ ਕਿ ਰੂਸ ਤੇ ਯੂਕਰੇਨ, ਪੱਛਮ ਦੀ ਦੋਗਲੀ ਨੀਤੀ ਦੇ ਪੀੜਤ ਹਨ, ਅਤੇ ਯੂਕਰੇਨ ਨਹੀਂ ਬਲਕਿ ਰੂਸ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਪੂਤਿਨ ਨੇ ਕਿਹਾ, ‘ਅਸੀਂ ਯੂਕਰੇਨੀ ਲੋਕਾਂ ਨਾਲ ਨਹੀਂ ਲੜ ਰਹੇ। ਯੂਕਰੇਨ ਨੂੰ ਕੀਵ ਦੇ ਸ਼ਾਸਨ ਤੇ ਇਸ ਦੇ ਪੱਛਮੀ ਮਾਲਕਾਂ ਨੇ ਬੰਧਕ ਬਣਾ ਲਿਆ ਹੈ, ਜਿਨ੍ਹਾਂ ਅਸਰਦਾਰ ਢੰਗ ਨਾਲ ਮੁਲਕ ਉਤੇ ਕਬਜ਼ਾ ਕਰ ਲਿਆ ਹੈ।’ ਦੱਸਣਯੋਗ ਹੈ ਕਿ ਪੂਤਿਨ ਸ਼ੁਰੂ ਤੋਂ ਹੀ ਕਈ ਸ਼ਿਕਾਇਤਾਂ ਕਰ ਕੇ ਜੰਗ ਨੂੰ ਜਾਇਜ਼ ਠਹਿਰਾਉਂਦੇ ਆ ਰਹੇ ਹਨ, ਤੇ ਤਿੱਖੀ ਕੌਮਾਂਤਰੀ ਆਲੋਚਨਾ ਦੇ ਬਾਵਜੂਦ ਉਨ੍ਹਾਂ ਯੂਕਰੇਨ ਵਿਚੋਂ ਫ਼ੌਜ ਬਾਹਰ ਨਹੀਂ ਕੱਢੀ ਹੈ। ਰੂਸੀ ਆਗੂ ਨੇ ਉਨ੍ਹਾਂ ਯੂਕਰੇਨੀ ਖੇਤਰ ‘ਚੋਂ ਫ਼ੌਜ ਨਾ ਕੱਢਣ ਦਾ ਅਹਿਦ ਕੀਤਾ ਹੈ ਜਿਨ੍ਹਾਂ ਦਾ ਰੂਸ ਨੇ ਗੈਰਕਾਨੂੰਨੀ ਢੰਗ ਨਾਲ ਰਲੇਵਾਂ ਕਰ ਲਿਆ ਸੀ। ਉਨ੍ਹਾਂ ਕਿਸੇ ਵੀ ਤਰ੍ਹਾਂ ਦੇ ਸ਼ਾਂਤੀ ਸਮਝੌਤੇ ਦਾ ਸੰਕੇਤ ਨਹੀਂ ਦਿੱਤਾ ਜਿਸ ਨਾਲ ਠੰਢੀ ਜੰਗ ਦੀ ਸੰਭਾਵਨਾ ਹੋਰ ਮਜ਼ਬੂਤ ਹੋ ਗਈ ਹੈ। ਪੂਤਿਨ ਨੇ ਕਿਹਾ, ‘ਪੱਛਮੀ ਤਾਕਤਾਂ ਆਪਣੇ ਮੰਤਵ ਜ਼ਾਹਿਰ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀਆਂ, ਜਿਨ੍ਹਾਂ ਵਿਚ ਰੂਸ ‘ਤੇ ਰਣਨੀਤਕ ਹਾਰ ਨੂੰ ਥੋਪਣਾ ਸ਼ਾਮਲ ਹੈ। ਉਹ ਇਕ ਸਥਾਨਕ ਟਕਰਾਅ ਨੂੰ ਆਲਮੀ ਲੜਾਈ ਵਿਚ ਬਦਲਣ ‘ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਰੂਸ ਜਵਾਬ ਦੇਣ ਲਈ ਤਿਆਰ ਹੈ ਕਿਉਂਕਿ ਇਹ ਸਾਡੇ ਮੁਲਕ ਦੀ ਹੋਂਦ ਦਾ ਮੁੱਦਾ ਹੈ।’ ਪੂਤਿਨ ਨੇ ਨਾਲ ਹੀ ਕਿਹਾ, ‘ਉਨ੍ਹਾਂ ਨੇ ਜੰਗ ਛੇੜੀ ਸੀ ਤੇ ਅਸੀਂ ਇਸ ਨੂੰ ਤਾਕਤ ਦਾ ਇਸਤੇਮਾਲ ਕਰ ਕੇ ਖ਼ਤਮ ਕਰ ਰਹੇ ਹਾਂ।’ ਰੂਸੀ ਰਾਸ਼ਟਰਪਤੀ ਨੇ ਦੋਸ਼ ਲਾਇਆ ਕਿ ਪੱਛਮੀ ਮੁਲਕ ‘ਸੂਚਨਾਵਾਂ ਦੀ ਜੰਗ’ ਛੇੜ ਕੇ ਰੂਸ ਦੇ ਸਭਿਆਚਾਰ, ਧਰਮ ਤੇ ਕਦਰਾਂ-ਕੀਮਤਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ‘ਰੂਸ ਨੂੰ ਜੰਗ ਦੇ ਮੈਦਾਨ ਵਿਚ ਤਾਂ ਹਰਾਇਆ ਨਹੀਂ ਜਾ ਸਕਦਾ।’ ਉਨ੍ਹਾਂ ਨਾਲ ਹੀ ਇਲਜ਼ਾਮ ਲਾਇਆ ਕਿ ਪੱਛਮੀ ਮੁਲਕ ਪਾਬੰਦੀਆਂ ਨਾਲ ਰੂਸ ਦੀ ਆਰਥਿਕਤਾ ਉਤੇ ਹੱਲਾ ਬੋਲ ਰਹੇ ਹਨ, ਪਰ ਉਨ੍ਹਾਂ ਹੱਥ ਕੁਝ ਨਹੀਂ ਲੱਗਿਆ ਤੇ ਨਾ ਲੱਗੇਗਾ। -ਏਪੀ
ਯੂਕਰੇਨ: ਰੂਸੀ ਬੰਬਾਰੀ ‘ਚ ਛੇ ਨਾਗਰਿਕ ਹਲਾਕ; 12 ਜ਼ਖ਼ਮੀ
ਕੀਵ: ਰੂਸ ਵੱਲੋਂ ਅੱਜ ਦੱਖਣੀ ਯੂਕਰੇਨ ਦੇ ਸ਼ਹਿਰ ਖੇਰਸਾਨ ਵਿੱਚ ਇੱਕ ਮਾਰਕੀਟ ਅਤੇ ਇੱਕ ਹੋਰ ਜਗ੍ਹਾ ‘ਤੇ ਬੰਬਾਰੀ ਕਾਰਨ 6 ਨਾਗਰਿਕਾਂ ਦੀ ਮੌਤ ਹੋ ਗਈ ਜਦਕਿ ਹਮਲੇ ‘ਚ 12 ਹੋਰ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਯੂਕਰੇਨ ਦੀ ਫੌਜ ਵੱਲੋਂ ਦਿੱਤੀ ਗਈ। ਦੱਖਣੀ ਮਿਲਟਰੀ ਕਮਾਂਡ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਖੇਰਸਾਨ ਵਿੱਚ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਆਪਣੇ ਭਾਸ਼ਨ ਵਿੱਚ ਕਹਿ ਰਹੇ ਸਨ ਕਿ ਉਨ੍ਹਾਂ ਦਾ ਦੇਸ਼ ਯੂੁਕਰੇਨ ਦੇ ਲੋਕਾਂ ਨਾਲ ਜੰਗ ਨਹੀਂ ਕਰ ਰਿਹਾ ਹੈ। ਟੈਲੀਗ੍ਰਾਮ ਐਪ ‘ਤੇ ਮੌਤਾਂ ਦੀ ਗਿਣਤੀ ਦੀ ਪੁਸ਼ਟੀ ਕਰਦਿਆਂ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੇਂਸਕੀ ਨੇ ਲਿਖਿਆ, ”ਰੂਸੀ ਫੌਜ ਨੇ ਖੇਰਸਾਨ ‘ਤੇ ਭਾਰੀ ਬੰਬਾਰੀ ਕੀਤੀ। ਫਿਰ ਬੇਰਹਿਮੀ ਨਾਲ ਲੋਕਾਂ ਦੀ ਹੱਤਿਆ ਕੀਤੀ ਗਈ।” ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਰੂਸੀ ਬਲਾਂ ਵੱਲੋਂ ਸ਼ਹਿਰ ‘ਤੇ ਰਾਕੇਟਾਂ ਲਾਂਚਰਾਂ ਨਾਲ ਹਮਲਾ ਕੀਤਾ ਗਿਆ। ਦੱਸਣਯੋਗ ਹੈ ਕਿ ਯੂਕਰੇਨ ਨੇ ਜੰਗ ਸ਼ੁਰੂ ਹੋਣ ਦੇ ਅੱਠ ਮਹੀਨੇ ਬਾਅਦ ਨਵੰਬਰ ਮਹੀਨੇ ਰੂਸੀ ਬਲਾਂ ਤੋਂ ਖੇਰਸਾਨ ਮੁੜ ਹਾਸਲ ਕਰ ਲਿਆ ਸੀ। ਰੂੁਸੀ ਬਲਾਂ ਵੱਲੋਂ ਦਨਿਪਰੋ ਨਦੀ ਵੱਲੋਂ ਹੁਣ ਖੇਰਸਾਨ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ‘ਤੇ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਹੈ। -ਰਾਇਟਰਜ਼
ਪੂਤਿਨ ਵੱਲੋਂ ਅਮਰੀਕਾ ਨਾਲ ਹੋਇਆ ਪਰਮਾਣੂ ਸਮਝੌਤਾ ਰੱਦ
ਮਾਸਕੋ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅਮਰੀਕਾ ਨਾਲ ਹੋਇਆ ਪਰਮਾਣੂ ਸਮਝੌਤਾ ਰੱਦ ਕਰ ਦਿੱਤਾ ਹੈ। ਇਹ ਸਮਝੌਤਾ ਪਰਮਾਣੂ ਹਥਿਆਰਾਂ ਦਾ ਵਿਸਤਾਰ ਬੰਦ ਕਰਨ ਨਾਲ ਸਬੰਧਤ ਸੀ। ਦੋਵਾਂ ਮੁਲਕਾਂ ਨੇ 2010 ਵਿਚ ਇਹ ਸਮਝੌਤਾ ਕੀਤਾ ਸੀ। ਸਮਝੌਤੇ ਵਿਚ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਪਰਮਾਣੂ ਹਥਿਆਰਾਂ ਦੀ ਤਾਇਨਾਤੀ ਨੂੰ ਸੀਮਤ ਕਰਨਾ ਤੇ ਉਨ੍ਹਾਂ ਮਿਜ਼ਾਈਲਾਂ ਦੀ ਵਰਤੋਂ ਨੂੰ ਸੀਮਤ ਕਰਨਾ ਸ਼ਾਮਲ ਸੀ ਜੋ ਪਰਮਾਣੂ ਹਥਿਆਰ ਲਿਜਾ ਸਕਦੀਆਂ ਹਨ। ਪੂਤਿਨ ਨੇ ਭਾਸ਼ਣ ਵਿਚ ਕਿਹਾ ਕਿ ਰੂਸ ਇਸ ਸਮਝੌਤੇ ਵਿਚੋਂ ਪੂਰੀ ਤਰ੍ਹਾਂ ਬਾਹਰ ਨਹੀਂ ਆ ਰਿਹਾ ਪਰ ਜੇ ਅਮਰੀਕਾ ਪ੍ਰੀਖਣ ਕਰਦਾ ਹੈ ਤਾਂ ਰੂਸ ਨੂੰ ਵੀ ਪਰਮਾਣੂ ਹਥਿਆਰ ਪਰਖਣ ਲਈ ਤਿਆਰ ਰਹਿਣਾ ਚਾਹੀਦਾ ਹੈ। -ਏਪੀ
ਅਮਰੀਕਾ ਸਣੇ ਕਈ ਮੁਲਕਾਂ ਦੇ ਮੀਡੀਆ ਨੂੰ ਸਿੱਧੇ ਪ੍ਰਸਾਰਣ ਤੋਂ ਰੋਕਿਆ
ਰੂਸ ਨੇ ਅਮਰੀਕਾ, ਯੂਕੇ ਤੇ ਯੂਰੋਪੀ ਮੁਲਕਾਂ ਦੇ ਮੀਡੀਆ ਨੂੰ ਪੂਤਿਨ ਦਾ ਭਾਸ਼ਣ ਲਾਈਵ ਕਵਰ ਨਹੀਂ ਕਰਨ ਦਿੱਤਾ। ਉਨ੍ਹਾਂ ਇਨ੍ਹਾਂ ਮੁਲਕਾਂ ਨੂੰ ‘ਮਿੱਤਰ’ ਦੇਸ਼ਾਂ ਦੇ ਵਰਗ ਵਿਚ ਨਹੀਂ ਰੱਖਿਆ ਸੀ। ਕਰੈਮਲਿਨ ਦੇ ਬੁਲਾਰੇ ਦਮਿੱਤਰੀ ਪੇਸਕੋਵ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਦੇ ਪੱਤਰਕਾਰ ਪ੍ਰਸਾਰਨ ਦੇਖ ਕੇ ਭਾਸ਼ਣ ਨੂੰ ਰਿਪੋਰਟ ਕਰ ਸਕਦੇ ਹਨ। ਦੱਸਣਯੋਗ ਹੈ ਕਿ ਕੀਵ ਦੇ ਦੌਰੇ ਮਗਰੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਵੀ ਪੋਲੈਂਡ ਵਿਚ ਭਾਸ਼ਣ ਦੇਣ ਦੀ ਸੰਭਾਵਨਾ ਹੈ। ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਕਿਹਾ ਕਿ ਬਾਇਡਨ ਦਾ ਭਾਸ਼ਣ ‘ਪੂਤਿਨ ਦੇ ਮੁਕਾਬਲੇ ਵਿਚ ਨਹੀਂ ਹੋਵੇਗਾ।’ -ਏਪੀ