ਨਿੱਜੀ ਪੱਤਰ ਪ੍ਰੇਰਕ
ਗੁਰਾਇਆ, 21 ਫਰਵਰੀ
ਵਾਈਐੱਫਸੀ ਰੁੜਕਾ ਕਲਾ ਵੱਲੋਂ ਕਰਵਾਈ ਐਜੂਕੇਸ਼ਨਲ ਫੁਟਬਾਲ ਲੀਗ ਸਮਾਪਤ ਹੋਈ। ਕਲੱਬ ਪ੍ਰਧਾਨ ਗੁਰਮੰਗਲ ਦਾਸ ਸੋਨੀ ਨੇ ਦੱਸਿਆ ਕਿ ਖੇਡ ਲੀਗ ਦਾ ਸਮਾਪਤੀ ਸਮਾਰੋਹ ਵਾਈਐੱਫਸੀ ਰੁੜਕਾ ਕਲਾਂ ਸਟੇਡੀਅਮ ਵਿਚ ਕੀਤਾ ਗਿਆ। ਇਸ ਮਹਾਂ ਕੁੰਭ ‘ਚ ਵੱਖ-ਵੱਖ ਉਮਰ ਵਰਗ ਦੇ 12 ਪੜਾਵਾਂ ‘ਚ ਖੇਡ ਮੁਕਾਬਲੇ ਕਰਵਾਏ ਗਏ। ਲੀਗ ਦੇ ਅੰਤਿਮ ਦਿਨ ਅੰਡਰ-14 ਸਾਲ ਲੜਕਿਆਂ ਤੇ ਅੰਡਰ-16 ਸਾਲ ਲੜਕੀਆਂ ਦੇ ਫੁਟਬਾਲ ਮੈਚ ਕਰਵਾਏ ਗਏ। ਇਸ ਤੋਂ ਬਾਅਦ ਕਬੱਡੀ ਸ਼ਹੀਦ ਸੰਦੀਪ ਨੰਗਲ ਅੰਬੀਆਂ ਨੂੰ ਸਮਰਪਿਤ ਮੇਜਰ ਕਬੱਡੀ ਲੀਗ ਦੇ ਚੋਟੀ ਦੇ ਖਿਡਾਰੀਆ ਦੇ ਮੈਚ ਕਰਵਾਏ ਗਏ। ਕਬੱਡੀ ਕੱਪ ਦਾ ਪਹਿਲਾਂ ਢਾਈ ਲੱਖ ਦਾ ਇਨਾਮ ਸ਼ਾਹਕੋਟ ਲਾਇਨਜ਼ ਨੇ ਆਪਣੇ ਨਾਂਅ ਕੀਤਾ। ਦੋ ਲੱਖ ਦਾ ਦੂਜਾ ਇਨਾਮ ਬੇਆਫ਼ ਪਲੰਟੀ ਨਿਊਜ਼ੀਲੈਂਡ ਦੀ ਟੀਮ ਬਣੀ। ਸੈਮੀਫਾਈਨਲਾਂ ਦੇ ਚਾਰ ਬੈਸਟ ਖਿਡਾਰੀਆਂ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਤੇ ਫਾਈਨਲ ਦੇ ਬੈਸਟ ਖਿਡਾਰੀਆਂ ਨੂੰ ਇਕ-ਇਕ ਲੱਖ ਰੁਪਏ ਦਿੱਤਾ ਗਿਆ। ਕਬੱਡੀ ਦੇ ਮੈਚਾਂ ਦੇ ਪ੍ਰਬੰਧ ‘ਚ ਅਮਰੀਕਾ ਸਥਿਤ ਬੇ ਏਰੀਆ ਕਲੱਬ ਦਾ ਵੱਡਾ ਯੋਗਦਾਨ ਰਿਹਾ। ਇਸ ਦੇ ਨਾਲ ਹੀ ਵਾਈ. ਐਫ.ਸੀ. ਦੇ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਤੇ ਕੋਚਾਂ ਦਾ 30 ਏਵਨ ਸਾਈਕਲਾਂ, ਨਕਦ ਰਾਸ਼ੀ ਤੇ ਮੋਟਰਸਾਈਕਲਾਂ ਨਾਲ ਸਨਮਾਨ ਕੀਤਾ ਗਿਆ। ਕਬੱਡੀ ਦੇ ਫਾਈਨਲ ਤੋਂ ਪਹਿਲਾਂ ਵੱਖ-ਵੱਖ ਸੈਂਟਰਾਂ ਤੇ ਸਕੂਲਾਂ ਤੋਂ ਆਏ 1500 ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ।
ਇਸ ਮੌਕੇ ਮੁੱਖ ਮਹਿਮਾਨ ਸੰਤ ਬਲਬੀਰ ਸਿੰਘ ਸੀਚੇਵਾਲ (ਰਾਜ ਸਭਾ ਮੈਂਬਰ), ਹਲਕਾ ਇੰਚਾਰਜ ਫਿਲੌਰ ਪ੍ਰਿੰ. ਪ੍ਰੇਮ ਕੁਮਾਰ, ਵਿਧਾਇਕਾ ਨਕੋਦਰ ਬੀਬੀ ਇੰਦਰਜੀਤ ਕੌਰ ਮਾਨ, ਬਲਬੀਰ ਸਿੰਘ ਸੰਧੂ ਡਿਪਟੀ ਮੇਅਰ ਡਰਬੀ, ਸਰਪੰਚ ਕੁਲਵਿੰਦਰ ਕੌਰ ਹਾਜ਼ਰ ਸਨ। ਪੰਜਾਬ ਦੇ ਨਾਮਵਰ ਗਾਇਕ ਬੱਬੂ ਮਾਨ ਨੇ ਆਪਣੀ ਗਾਇਕੀ ਨਾਲ ਸਭ ਨੂੰ ਕੀਲ ਕੇ ਰੱਖਿਆ। ਕਲੱਬ ਪ੍ਰਧਾਨ ਗੁਰਮੰਗਲ ਦਾਸ ਸੋਨੀ ਨੇ ਧੰਨਵਾਦ ਕੀਤਾ।