ਨਵੀਂ ਦਿੱਲੀ, 22 ਫਰਵਰੀ
ਦਿੱਲੀ ਦੀ ਅਦਾਲਤ ਨੇ ਲਿਵ-ਇਨ ਪਾਰਟਨਰ ਨਿੱਕੀ ਯਾਦਵ ਹੱਤਿਆ ਮਾਮਲੇ ਵਿੱਚ ਸਾਹਿਲ ਗਹਿਲੋਤ ਨੂੰ 12 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਹ ਹੁਕਮ ਮੁੱਖ ਮੈਟਰੋਪਾਲਿਟਨ ਮੈਜਿਸਟਰੇਟ ਅਰਚਨਾ ਬੈਨੀਵਾਲ ਨੇ ਅੱਜ ਸੁਣਾਏ ਹਨ। ਇਸ ਤੋਂ ਪਹਿਲਾਂ ਸਥਾਨਕ ਅਦਾਲਤ ਨੇ ਸੋਮਵਾਰ ਨੂੰ ਗਹਿਲੋਤ ਦੀ ਪੁਲੀਸ ਹਿਰਾਸਤ ਦੋ ਦਿਨਾਂ ਲਈ ਵਧਾ ਦਿੱਤੀ ਸੀ ਅਤੇ ਇਸ ਕੇਸ ਨਾਲ ਸਬੰਧਤ ਪੰਜ ਹੋਰਨਾਂ ਮੁਲਜ਼ਮਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਹੁਣ 6 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਨਿੱਕੀ ਯਾਦਵ ਦੀ ਹੱਤਿਆ ਮਗਰੋਂ ਲਾਸ਼ ਦੇ ਟੁਕੜੇ ਫਰੀਜ਼ਰ ਵਿੱਚ ਰੱਖ ਦਿੱਤੇ ਗਏ ਸਨ। ਇਸ ਹੱਤਿਆ ਦਾ ਖੁਲਾਸਾ 14 ਫਰਵਰੀ ਨੂੰ ਘਟਨਾ ਵਾਪਰਨ ਦੇ ਚਾਰ ਦਿਨਾਂ ਬਾਅਦ ਹੋਇਆ ਸੀ।ਹੱਤਿਆ ਮਗਰੋਂ ਸਾਹਿਲ ਗਹਿਲੋਤ ਨੇ ਉਸੇ ਦਿਨ ਨਵਾਂ ਵਿਆਹ ਕਰਵਾ ਲਿਆ ਸੀ। -ਪੀਟੀਆਈ