ਮੁੰਬਈ: ਫਿਲਮ ਅਦਾਕਾਰਾ ਸੁਸ਼ਮਿਤਾ ਸੇਨ ਨੇ ਲੇਖਕਾ ਹੁਮਾ ਤਨਵੀਰ ਵੱਲੋਂ ਨਿੱਜਤਾ ਬਾਰੇ ਲਿਖੇ ਇੱਕ ਨੋਟ ਨੂੰ ਰੀਟਵੀਟ ਕਰਦਿਆਂ ਉਸ ਨੂੰ ਇੱਕ ‘ਮਿੱਥ’ ਦੱਸਿਆ ਹੈ। ਦਰਅਸਲ ਆਲੀਆ ਭੱਟ ਨੇ ਉਸ ਦੀਆਂ ਘਰ ਵਿੱਚ ਬੈਠੀ ਦੀਆਂ ਨਿੱਜੀ ਤਸਵੀਰਾਂ ਅਣਅਧਿਕਾਰਤ ਤੌਰ ‘ਤੇ ਸੋਸ਼ਲ ਮੀਡੀਆ ‘ਤੇ ਲੀਕ ਹੋਣ ਤੋਂ ਬਾਅਦ ਮੀਡੀਆ ਖ਼ਿਲਾਫ਼ ਇੱਕ ਸਖ਼ਤ ਨੋਟ ਲਿਖਿਆ ਹੈ। ਇਸ ਤੋਂ ਬਾਅਦ ਸੁਸ਼ਮਿਤਾ ਆਲੀਆ ਦੇ ਸਮਰਥਨ ਵਿੱਚ ਸਾਹਮਣੇ ਆਈ ਹੈ ਅਤੇ ਇੱਕ ਪੋਸਟ ਨੂੰ ਦੁਬਾਰਾ ਸਾਂਝਾ ਕੀਤਾ ਹੈ, ਜਿਸ ਵਿੱਚ ਉਸ ਨੇ ਮਸ਼ਹੂਰ ਹਸਤੀਆਂ ਲਈ ਨਿੱਜਤਾ ਨੂੰ ਇੱਕ ‘ਮਿੱਥ’ ਦੱਸਿਆ ਹੈ। ਉਸ ਨੇ ਇੱਕ ਨੋਟ ਸਾਂਝਾ ਕੀਤਾ ਹੈ, ਜਿਸ ਨੂੰ ਲੇਖਕਾ ਹੁਮਾ ਤਨਵੀਰ ਨੇ ਇੰਸਟਾਗ੍ਰਾਮ ਸਟੋਰੀ ‘ਤੇ ਲਿਖਿਆ ਸੀ। ਉਸ ਨੇ ਮਸ਼ਹੂਰ ਹਸਤੀਆਂ ਦੇ ਨਿੱਜੀ ਅਤੇ ਸਮਾਜਿਕ ਜੀਵਨ ਦੇ ਵਿਚਕਾਰ ਹੱਦਾਂ ਨੂੰ ਅਕਸਰ ਧੁੰਦਲਾ ਕਰਨ ਵਾਲੇ ਮੀਡੀਆ ਬਾਰੇ ਗੱਲ ਕੀਤੀ ਹੈ। ਉਸ ਨੇ ਲਿਖਿਆ,”ਇੰਟਰਨੈੱਟ, ਟੈਕਨਾਲੋਜੀ ਅਤੇ ਸੋਸ਼ਲ ਮੀਡੀਆ ਕਾਰਨ ਛੋਟੀ ਹੋ ਗਈ ਦੁਨੀਆ ਵਿੱਚ ਨਿੱਜਤਾ ਇੱਕ ਮਿੱਥ ਹੈ ਅਤੇ ਜੇਕਰ ਤੁਸੀਂ ਇੱਕ ਮਸ਼ਹੂਰ ਹਸਤੀ ਹੋ ਤਾਂ ਇਹ ਤੁਹਾਡੇ ਲਈ ਹੋਰ ਵੀ ਬਦਤਰ ਹੈ।” -ਆਈਏਐੱਨਐੱਸ