ਹਰਜੀਤ ਲਸਾੜਾ
ਬ੍ਰਿਸਬੇਨ, 26 ਫਰਵਰੀ
ਸਥਾਨਕ ਸੰਸਥਾ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ’ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਲੇਖਕ ਗੁਰਜਿੰਦਰ ਸੰਧੂ ਦਾ ਸਨਮਾਨ ਕਰਦਿਆਂ ਉਨ੍ਹਾਂ ਦਾ ਨਾਵਲ ‘ਦੀਵੇ ਦੀ ਲੋਅ’ ਵੀ ਲੋਕ ਅਰਪਣ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬੈਠਕ ਦੀ ਸ਼ੁਰੂਆਤ ਕਰਦਿਆਂ ਪਰਮਿੰਦਰ ਹਰਮਨ ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਕਵਿਤਾ ‘ਮਾਂ ਪੰਜਾਬੀ’ ਰਾਹੀਂ ਮਾਤ ਭਾਸ਼ਾ ਨੂੰ ਸਿਜਦਾ ਕਰਦਿਆਂ ਇਸ ਦੇ ਲਗਾਤਾਰ ਪਸਾਰ ਦੀ ਗੱਲ ਕੀਤੀ। ਕਵਿਤਰੀ ਰਿਤਿਕਾ ਅਹੀਰ ਨੇ ਪੰਜਾਬੀ ਭਾਸ਼ਾ ‘ਚੋਂ ਲਗਾਤਾਰ ਲੋਪ ਹੋ ਰਹੇ ਸ਼ਬਦਾਂ ‘ਤੇ ਗੰਭੀਰ ਚਿੰਤਾ ਜਤਾਈ। ਦਿਨੇਸ਼ ਸ਼ੇਖੂਪੁਰੀ ਨੇ ਮਾਂ ਬੋਲੀ ਦੀ ਮਹਾਨਤਾ ਨੂੰ ਸਮਰਪਿਤ ਕਵਿਤਾ ‘ਮੇਰਾ ਪਹਿਲਾ ਬੋਲ ਪੰਜਾਬੀ ਸੀ’ ਪੇਸ਼ ਕੀਤੀ। ਵਰਿੰਦਰ ਅਲੀਸ਼ੇਰ ਨੇ ਮਾਂ ਬੋਲੀ ਦਿਵਸ ਨੂੰ ਅੰਕੜਿਆਂ ਨਾਲ ਬਿਆਨਦਿਆਂ ਮੌਜੂਦਾ ਸਮੇਂ ਪੰਜਾਬੀ ਭਾਸ਼ਾ ਦੀ ਸਥਿਤੀ ‘ਤੇ ਵਿਸਥਾਰ ਨਾਲ ਚਰਚਾ ਕੀਤੀ। ਸੰਸਥਾ ਦੇ ਪ੍ਰਧਾਨ ਦਲਜੀਤ ਸਿੰਘ ਨੇ ਪੰਜਾਬੀ ਲਿੱਪੀ, ਬੋਲੀ, ਵਿਆਕਰਨ ਅਤੇ ਇਸ ਦੇ ਉਚਾਰਨ ਨੂੰ ਬਦਲ ਰਹੀਆਂ ਪ੍ਰਸਥਿਤੀਆਂ ਅਨੁਸਾਰ ਬਿਆਨਿਆ। ਗ਼ਜ਼ਲਗੋ ਜਸਵੰਤ ਵਾਗਲਾ ਨੇ ਆਪਣੇ ਉਸਤਾਦ ਗੁਰਦਿਆਲ ਰੋਸ਼ਨ ਦਾ ਧੰਨਵਾਦ ਕਰਦਿਆਂ ਆਪਣੀਆਂ ਗ਼ਜ਼ਲਾਂ ਨਾਲ ਸਮਾਜਿਕ ਨਿਘਾਰਾਂ ਨੂੰ ਰੂਪਮਾਨ ਕੀਤਾ। ਇਸ ਮੌਕੇ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਸੰਸਥਾ ਕਰਮੀ ਵਰਿੰਦਰ ਅਲੀਸ਼ੇਰ ਦੇ ਪਿਤਾ ਮੋਹਨ ਲਾਲ ਸ਼ਰਮਾ ਨੇ ਲੇਖਕ ਸਭਾ ਦੇ ਸਮੁੱਚੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ।