ਬੰਗਲੂਰੂ/ਬਰਲਿਨ, 26 ਫਰਵਰੀ
ਆਈਟੀ (ਸੂਚਨਾ ਤਕਨੀਕ) ਖੇਤਰ ਵਿਚ ਕੁਸ਼ਲ ਮੁਲਾਜ਼ਮਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਜਰਮਨੀ ਦੇ ਚਾਂਸਲਰ ਓਲਫ ਸ਼ੁਲਜ਼ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਦੇ ਆਈਟੀ ਪੇਸ਼ੇਵਰਾਂ ਲਈ ਕੰਮਕਾਜੀ ਵੀਜ਼ਾ ਲੈਣ ਦੀ ਪ੍ਰਕਿਰਿਆ ਸੌਖੀ ਬਣਾਉਣਾ ਚਾਹੁੰਦੀ ਹੈ। ਭਾਰਤ ਦੌਰੇ ਉਤੇ ਪਹੁੰਚੇ ਸ਼ੁਲਜ਼ ਨੇ ਬੰਗਲੁੂਰੂ ਵਿਚ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਕਾਨੂੰਨੀ ਢਾਂਚੇ ਵਿਚ ਇਸ ਸਾਲ ਅਜਿਹਾ ਸੁਧਾਰ ਲਿਆਉਣਾ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਹੈ ਕਿ ਜਰਮਨੀ ਦੇ ਸਾਫਟਵੇਅਰ ਡਿਵੈਲਪਰ ਤੇ ਆਈਟੀ ਖੇਤਰ ਲਈ ਕੁਸ਼ਲ ਕਰਮੀਆਂ ਨੂੰ ਖਿੱਚਿਆ ਜਾ ਸਕੇ। ਸ਼ੁਲਜ਼ ਨੇ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਤੋਂ ਇਲਾਵਾ ਪੂਰੀ ਪ੍ਰਸ਼ਾਸਕੀ ਪ੍ਰਕਿਰਿਆ ਨੂੰ ਵੀ ਆਧੁਨਿਕ ਰੂਪ ਦਿੱਤਾ ਜਾਵੇਗਾ। ਜਰਮਨੀ ਵਿਚ ਕੰਮਕਾਜ ਲਈ ਪਹੁੰਚਣ ‘ਤੇ ਵਿਦੇਸ਼ੀ ਕਰਮੀਆਂ ਨੂੰ ਹੋਣ ਵਾਲੀ ਭਾਸ਼ਾ ਸਬੰਧੀ ਸਮੱਸਿਆ ਉਤੇ ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਜਦ ਲੋਕ ਜਰਮਨੀ ਪਹੁੰਚਦੇ ਹਨ ਤਾਂ ਉਹ ਅੰਗਰੇਜ਼ੀ ਬੋਲਦੇ ਹਨ ਤੇ ਹੌਲੀ-ਹੌਲੀ ਜਰਮਨ ਭਾਸ਼ਾ ਨੂੰ ਅਪਣਾ ਲੈਂਦੇ ਹਨ। ਸ਼ੁਲਜ਼ ਨੇ ਭਾਰਤ ਦੌਰੇ ਦੇ ਪਹਿਲੇ ਦਿਨ ਸ਼ਨਿਚਰਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੇ ਨਾਲ ਮੁੱਖ ਕੰਪਨੀਆਂ ਦੇ ਚੋਟੀ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਸੀ। -ਪੀਟੀਆਈ