ਇਸਲਾਮਾਬਾਦ: ‘ਤੋਸ਼ਾਖਾਨਾ’ ਕੇਸ ਵਿਚ ਪਾਕਿਸਤਾਨ ਦੀ ਇਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਨੂੰ ਦੋ ਹੋਰ ਕੇਸਾਂ ਵਿਚ ਜ਼ਮਾਨਤ ਮਿਲ ਗਈ ਹੈ। ਸੁਣਵਾਈ ਦੌਰਾਨ ਅੱਜ ਅਦਾਲਤੀ ਕੰਪਲੈਕਸ ਦੇ ਬਾਹਰ ਕਾਫ਼ੀ ਹੰਗਾਮਾ ਹੋਇਆ। ਇਸ ਦੌਰਾਨ ਇਮਰਾਨ ਦੇ ਸਮਰਥਨ ਵਿਚ ਵੱਡੀ ਗਿਣਤੀ ਪਾਰਟੀ ਵਰਕਰ ਕੋਰਟ ਦੇ ਬਾਹਰ ਜਮ੍ਹਾਂ ਹੋ ਗਏ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਮੁਖੀ ਸੁਣਵਾਈ ਲਈ ਅੱਜ ਆਪਣੀ ਲਾਹੌਰ ਸਥਿਤ ਰਿਹਾਇਸ਼ ਤੋਂ ਇਸਲਾਮਾਬਾਦ ਗਏ ਜਿੱਥੇ ਤਿੰਨ ਕੇਸਾਂ ਉਤੇ ਸੁਣਵਾਈ ਹੋਈ। ਕਈ ਮੌਕਿਆਂ ‘ਤੇ ਅਦਾਲਤ ਅੱਗੇ ਪੇਸ਼ ਨਾ ਹੋਣ ‘ਤੇ ਵਧੀਕ ਸੈਸ਼ਨਜ਼ ਜੱਜ ਨੇ ਤੋਸ਼ਾਖਾਨਾ ਕੇਸ ਵਿਚ 70 ਸਾਲਾ ਆਗੂ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਮਾਮਲੇ ਉਤੇ ਸੁਣਵਾਈ ਫ਼ਿਲਹਾਲ 7 ਮਾਰਚ ਤੱਕ ਟਾਲ ਦਿੱਤੀ ਗਈ ਹੈ। ਖਾਨ ਉਤੇ ਦੋਸ਼ ਹੈ ਕਿ ਉਨ੍ਹਾਂ ਪ੍ਰਧਾਨ ਮੰਤਰੀ ਹੁੰਦਿਆਂ ਮਹਿੰਗੇ ਤੋਹਫ਼ੇ ‘ਤੋਸ਼ਾਖਾਨਾ’ ਤੋਂ ਘੱਟ ਭਾਅ ਉਤੇ ਖ਼ਰੀਦੇ ਤੇ ਅੱਗੇ ਉਨ੍ਹਾਂ ਨੂੰ ਲਾਭ ਲਈ ਵੇਚਿਆ। ਖਾਨ ਨੂੰ ਹਾਲਾਂਕਿ ਅੱਜ ਏਟੀਸੀ ਤੇ ਬੈਂਕਿੰਗ ਕੋਰਟ ਤੋਂ ਜ਼ਮਾਨਤ ਮਿਲ ਗਈ। -ਪੀਟੀਆਈ