ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 1 ਮਾਰਚ
ਕੈਨੇਡਾ ਦੇ ਪੱਛਮੀ ਤੱਟੀ ਖੇਤਰ ਵਿੱਚ ਕੱਲ੍ਹ ਤੋਂ ਹੋ ਰਹੀ ਭਾਰੀ ਬਰਫਬਾਰੀ ਨੇ ਆਮ ਜਨਜੀਵਨ ਦੇ ਨਾਲ-ਨਾਲ ਹਵਾਈ ਤੇ ਸਮੁੰਦਰੀ ਆਵਾਜਾਈ ਸੇਵਾਵਾਂ ‘ਤੇ ਵੀ ਅਸਰ ਪਾਇਆ ਹੈ। ਵੈਨਕੂਵਰ ਹਵਾਈ ਅੱਡੇ ਤੋਂ ਅੱਜ ਅੱਧੇ ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ ਅਤੇ ਕਰੀਬ ਸਾਰੀਆਂ ਹੀ ਫੈਰੀ ਸੇਵਾਵਾਂ (ਸਮੁੰਦਰੀ ਸਫਰ) ਰੱਦ ਕੀਤੀਆਂ ਗਈਆਂ। ਦੋਵਾਂ ਸੇਵਾਵਾਂ ਨਾਲ ਸਬੰਧਤ ਅਮਲੇ ਨੂੰ ਹੰਗਾਮੀ ਹਾਲਾਤ ਹੇਠ ਲਿਆ ਕੇ ਉਨ੍ਹਾਂ ਤੋਂ ਵੱਧ ਕੰਮ ਲਿਆ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਪ੍ਰੇਸ਼ਾਨੀਆਂ ਤੋਂ ਬਚਾਇਆ ਜਾ ਸਕੇ। ਵੈਨਕੂਵਰ ਹਵਾਈ ਅੱਡੇ ਦੇ ਰਨਵੇਅ ਤੋਂ ਬਰਫ ਹਟਾਉਣ ਲਈ ਆਮ ਤੋਂ ਤਿੰਨ ਗੁਣਾ ਵੱਧ ਲੋਕ ਤੇ ਮਸ਼ੀਨਾਂ ਲਾਈਆਂ ਗਈਆਂ ਹਨ ਤੇ ਉਥੇ ਲੱਗੇ ਹੋਏ ਯੰਤਰਾਂ ਨੂੰ ਬਰਫਬਾਰੀ ਤੋਂ ਪ੍ਰਭਾਵਿਤ ਹੋਣ ਤੋਂ ਬਚਾਅ ਲਈ ਵੀ ਅਮਲਾ ਲਾਇਆ ਗਿਆ ਹੈ।
ਟਰਾਂਸਪੋਰਟ ਕੈਨੇਡਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਘਰਾਂ ਤੋਂ ਨਿਕਲਣ ਤੋਂ ਪਹਿਲਾਂ ਆਪਣੀ ਉਡਾਣ ਜਾਂ ਫੈਰੀ ਦੀ ਸਮਾਂ ਸੂਚੀ ਬਾਰੇ ਜਾਣਕਾਰੀ ਜ਼ਰੂਰ ਹਾਸਲ ਕਰ ਲੈਣ, ਜਿਸ ਨਾਲ ਉਹ ਪ੍ਰੇਸ਼ਾਨੀ ਤੋਂ ਬਚ ਸਕਣਗੇ। ਮੌਸਮ ਵਿਭਾਗ ਨੇ ਅੱਜ ਰਾਤ ਹੋਰ ਬਰਫਬਾਰੀ ਹੋਣ ਬਾਰੇ ਦੱਸਿਆ ਹੈ, ਜਿਸ ਨਾਲ ਸਿੱਝਣ ਲਈ ਸਾਰੇ ਵਿਭਾਗਾਂ ਨੇ ਹੋਰ ਤਿਆਰੀਆਂ ਵਿੱਢ ਦਿੱਤੀਆਂ ਹਨ। ਕਈ ਮਿਉਂਸਪੈਲਿਟੀਆਂ ਕੋਲ ਬਰਫ ਪਿਘਲਾਊ ਨਮਕ ਦੀ ਕਮੀ ਮਹਿਸੂਸ ਹੋਣ ਲੱਗ ਪਈ ਹੈ ਤੇ ਸੜਕਾਂ ਤੋਂ ਬਰਫ ਹਟਾਉਣ ਵਾਲੇ ਅਮਲੇ ਨੂੰ ਲਗਾਤਾਰ ਕੰਮ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਫਰਵਰੀ ਦੇ ਅੰਤਲੇ ਦਿਨਾਂ ਵਿੱਚ ਇਥੇ ਬਰਫ ਪੈਣ ਦੇ ਦਹਾਕਿਆਂ ਪੁਰਾਣੇ ਰਿਕਾਰਡ ਟੁੱਟ ਗਏ ਹਨ।