ਨਵੀਂ ਦਿੱਲੀ, 3 ਮਾਰਚ
ਕੁਆਡ (ਚਾਰ ਮੁਲਕੀ ਸਮੂਹ) ਦੇ ਵਿਦੇਸ਼ ਮੰਤਰੀਆਂ ਨੇ ਮੁਕਤ ਤੇ ਮੋਕਲੇ ਹਿੰਦ ਪ੍ਰਸ਼ਾਂਤ ਖਿੱਤੇ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਅੱਜ ਚੀਨ ਨੂੰ ਦਿੱਤੇ ਅਸਿੱਧੇ ਸੁਨੇਹੇ ਵਿੱਚ ਕਿਹਾ ਕਿ ਉਹ ਕਾਨੂੰਨ ਦੇ ਰਾਜ, ਪ੍ਰਭੂਸੱਤਾ, ਪ੍ਰਾਦੇਸ਼ਕ ਅਖੰਡਤਾ ਤੇ ਸਾਰੇ ਵਿਵਾਦਾਂ ਦੇ ਅਮਨਪੂਰਵਕ ਹੱਲ ਦੀ ਜ਼ੋਰਦਾਰ ਢੰਗ ਨਾਲ ਹਮਾਇਤ ਕਰਦੇ ਹਨ। ਕੁਆਡ ਦੀ ਮੀਟਿੰਗ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ, ਅਮਰੀਕਾ ਦੇ ਐਂਟਨੀ ਬਲਿੰਕਨ, ਉਨ੍ਹਾਂ ਦੇ ਜਪਾਨੀ ਤੇ ਆਸਟਰੇਲੀਅਨ ਹਮਰੁਤਬਾ ਕ੍ਰਮਵਾਰ ਯੋਸ਼ੀਮਾਸਾ ਹਯਾਸੀ ਤੇ ਪੈਨੀ ਵੌਂਗ ਸ਼ਾਮਲ ਹੋੲੇ। ਮੀਟਿੰਗ ਉਪਰੰਤ ਅਤਿਵਾਦ ਦੇ ਟਾਕਰੇ ਲਈ ਕੁਆਡ ਵਰਕਿੰਗ ਗਰੁੱਪ ਦੀ ਸਥਾਪਤੀ ਦਾ ਐਲਾਨ ਕੀਤਾ ਗਿਆ, ਜੋ ਅਤਿਵਾਦ, ਕੱਟੜਵਾਦ ਤੇ ਹਿੰਸਕ ਇੰਤਹਾਪਸੰਦੀ ਦੇ ਨਵੇਂ ਤੇ ਉਭਰਦੇ ਰੂਪਾਂ ਦੇ ਟਾਕਰੇ ਲਈ ਵੱਖ ਵੱਖ ਉਪਰਾਲਿਆਂ ਦੀ ਨਿਰਖ ਪਰਖ ਕਰੇਗਾ। ਮੰਤਰੀਆਂ ਨੇ ਸਾਲ 2023 ਵਿੱਚ ਜਪਾਨ ਦੀ ਜੀ-7 ਦੀ ਪ੍ਰਧਾਨਗੀ, ਜੀ-20 ਵਿੱਚ ਭਾਰਤ ਦੀ ਪ੍ਰਧਾਨਗੀ ਅਤੇ ਸੰਯੁਕਤ ਰਾਜ ਦੇ ਐਪੇਕ (ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ) ਦੇ ‘ਮੇਜ਼ਬਾਨੀ ਸਾਲ’ ਦੇ ਨਾਲ ਕੁਆਡ ਦੇ ਏਜੰਡੇ ਨੂੰ ਇਕਸਾਰ ਅਤੇ ਪੂਰਾ ਕਰਨ ਲਈ ਨੇੜਿਓਂ ਕੰਮ ਕਰਨ ਦੀ ਸਹੁੰ ਖਾਧੀ।
ਮੀਟਿੰਗ ਉਪਰੰਤ ਚਾਰੋਂ ਮੰਤਰੀਆਂ ਨੇ ਰਾਇਸੀਨਾ ਸੰਵਾਦ ਵਿੱਚ ਵੀ ਸ਼ਿਰਕਤ ਕੀਤੀ ਤੇ ਇਸ ਦੌਰਾਨ ਕੁਆਡ ਮੈਂਬਰ ਮੁਲਕਾਂ ਦੇ ਇਕ ਦੂਜੇ ਨਾਲ ਜੁੜੇ ਹਿੱਤਾਂ ਬਾਰੇ ਹੀ ਵਧੇਰੇ ਗੱਲ ਕੀਤੀ। ਬਲਿੰਕਨ ਨੇ ਕਿਹਾ, ”ਸਾਡੇ ਲਈ ਭਵਿੱਖ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਹੈ। ਇਸ ਪੂਰੇ ਖਿੱਤੇ ਨਾਲ ਸਾਡੀ ਨੇੜਤਾ, ਫਿਰ ਚਾਹੇ ਉਹ ਕੁਆਡ ਜ਼ਰੀਏ ਹੋਵੇ ਜਾਂ ਕਿਸੇ ਹੋਰ ਤਰੀਕੇ ਨਾਲ, ਵਿਆਪਕ ਤੇ ਡੂੰਘੀ ਹੈ।” ਬਲਿੰਕਨ ਤੇ ਵੌਂਗ ਜਿੱਥੇ ਜੀ 20 ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਭਾਰਤ ਆੲੇ ਸਨ, ਉਥੇ ਹਯਾਸ਼ੀ ਕੁਆਡ ਮੀਟਿੰਗ ਲਈ ਨਵੀਂ ਦਿੱਲੀ ਵਿੱਚ ਹਨ।
ਕੁਆਡ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ, ”ਸਾਡੀ ਅੱਜ ਦੀ ਬੈਠਕ ਇਕ ਮੁਕਤ ਤੇ ਖੁੱਲ੍ਹੇ ਹਿੰਦ ਪ੍ਰਸ਼ਾਂਤ ਖਿੱਤੇ ਦੀ ਹਮਾਇਤ ਕਰਨ ਲਈ ਕੁੁਆਡ ਦੀ ਮਜ਼ਬੂਤ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ, ਜੋ ਸਮਾਵੇਸ਼ੀ ਤੇ ਲਚਕੀਲਾ ਹੈ।” ਬਿਆਨ ਵਿੱਚ ਕਿਹਾ ਗਿਆ, ”ਅਸੀਂ ਸੁਤੰਤਰ, ਕਾਨੂੰਨ ਦੇ ਸ਼ਾਸਨ, ਪ੍ਰਭੂਸੱਤਾ ਤੇ ਪ੍ਰਾਦੇਸ਼ਕ ਅਖੰਡਤਾ, ਸਮੁੰਦਰੀ ਤੇ ਹਵਾਈ ਆਵਾਜਾਈ ਦੀ ਅਜ਼ਾਦੀ ਤੇ ਧਮਕੀ ਜਾਂ ਬਲ ਦੀ ਵਰਤੋਂ ਦਾ ਸਹਾਰਾ ਲੈਣ ਦੀ ਥਾਂ ਵਿਵਾਦਾਂ ਦੇ ਸ਼ਾਂਤੀਪੂਰਵਕ ਹੱਲ ਦੇ ਸਿਧਾਂਤਾਂ ਦਾ ਦ੍ਰਿੜਤਾ ਨਾਲ ਸਮਰਥਨ ਕਰਦੇ ਹਾਂ।” ਬਿਆਨ ਵਿੱਚ ਅੱਗੇ ਕਿਹਾ ਗਿਆ, ”ਅਸੀਂ ਮੌਜੂਦਾ ਸਥਿਤੀ ਨੂੰ ਬਦਲਣ ਦੀ ਕਿਸੇ ਵੀ ਇਕਤਰਫ਼ਾ ਕੋਸ਼ਿਸ਼ ਦਾ ਵਿਰੋਧ ਕਰਦੇ ਹਾਂ। ਇਹ ਸਾਰੀਆਂ ਚੀਜ਼ਾਂ ਹਿੰਦ-ਪ੍ਰਸ਼ਾਂਤ ਸਹਿਤ ਹੋਰਨਾਂ ਖੇਤਰਾਂ ਵਿੱਚ ਸ਼ਾਂਤੀ, ਸਥਿਰਤਾ ਤੇ ਖ਼ੁਸ਼ਹਾਲੀ ਬਣਾਏ ਰੱਖਣ ਲਈ ਜ਼ਰੂਰੀ ਹਨ।” ਕੁਆਡ ਦੇ ਵਿਦੇਸ਼ ਮੰਤਰੀਆਂ ਨੇ ਕਿਹਾ ਕਿ ਸਮੂਹ ਖੇਤਰੀ ਤੇ ਆਲਮੀ ਭਲਾਈ ਲਈ ਇਕ ਤਾਕਤ ਵਜੋਂ ਕੰਮ ਕਰ ਰਿਹਾ ਹੈ ਅਤੇ ਇਹ ਆਪਣੇ ਸਕਾਰਾਤਮਕ ਤੇ ਰਚਨਾਤਮਕ ਏਜੰਡੇ ਜ਼ਰੀਏ ਹਿੰਦ-ਪ੍ਰਸ਼ਾਂਤ ਖੇਤਰ ਦੀਆਂ ਤਰਜੀਹਾਂ ਦੁਆਰਾ ਨਿਰਦੇਸ਼ਤ ਹੋਵੇਗਾ। ਵਿਦੇਸ਼ ਮੰਤਰੀਆਂ ਨੇ 26/11 ਮੁੰਬਈ ਹਮਲੇ, ਜਿਸ ਵਿੱਚ ਸਾਰੇ ਕੁਆਡ ਮੈਂਬਰ ਮੁਲਕਾਂ ਦੇ ਨਾਗਰਿਕਾਂ ਦੀ ਜਾਨ ਜਾਂਦੀ ਰਹੀ ਸੀ, ਤੇ ਪਠਾਨਕੋਟ ਹਮਲਿਆਂ ਜਿਹੇ ਦਹਿਸ਼ਤੀ ਹਮਲਿਆਂ ਦੀ ਨਿਖੇੇਧੀ ਕੀਤੀ। ਕੁਆਡ ਸਾਗਰੀ ਸੁਰੱਖਿਆ ਵਰਕਿੰਗ ਗਰੁੱਪ ਦੀ ਇਸੇ ਮਹੀਨੇ ਅਮਰੀਕਾ ਦੀ ਮੇਜ਼ਬਾਨੀ ਵਿੱਚ ਵਾਸ਼ਿੰਗਟਨ ਡੀਸੀ ‘ਚ ਮੀਟਿੰਗ ਹੋਣੀ ਹੈ। -ਪੀਟੀਆਈ
ਕਪਤਾਨ ਮੋਦੀ ਆਪਣੇ ਗੇਂਦਬਾਜ਼ਾਂ ਨੂੰ ਥੋੜੀ ਆਜ਼ਾਦੀ ਦਿੰਦੇ ਹਨ: ਜੈਸ਼ੰਕਰ
ਨਵੀਂ ਦਿੱਲੀ: ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਕ੍ਰਿਕਟ ਟੀਮ ਦੇ ਕਪਤਾਨ ਨਾਲ ਕਰਦਿਆਂ ਕਿਹਾ ਕਿ ਉਹ ਆਪਣੇ ਗੇਂਦਬਾਜ਼ਾਂ ਤੋਂ ਵਿਕਟਾਂ ਦੀ ਆਸ ਕਰਦੇ ਹਨ, ਲਿਹਾਜ਼ਾ ਉਨ੍ਹਾਂ ਨੂੰ ਕੁਝ ਹੱਦ ਤੱਕ ਪੂਰੀ ਆਜ਼ਾਦੀ ਦਿੰਦੇ ਹਨ। ਰਾਇਸੀਨਾ ਸੰਵਾਦ ਦੌਰਾਨ ਸਾਬਕਾ ਬਰਤਾਨਵੀ ਪ੍ਰਧਾਨ ਮੰਤਰੀ ਟੋਨੀ ਬਲੇਅਰ ਤੇ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਕੈਵਿਨ ਪੀਟਰਸਨ ਨਾਲ ਰੂਬਰੂ ਸੈਸ਼ਨ ਦੌਰਾਨ ਜੈਸ਼ੰਕਰ ਨੇ ਕਿਹਾ, ”ਕਪਤਾਨ ਮੋਦੀ ਨਾਲ ਬਹੁਤ ਸਾਰੀ ਨੈੱਟ ਪ੍ਰੈਕਟਿਸ ਹੁੰਦੀ ਹੈ। ਪ੍ਰੈਕਟਿਸ ਸਵੇਰੇ 6 ਵਜੇ ਸ਼ੁਰੂ ਹੋ ਜਾਂਦੀ ਹੈ ਤੇ ਦੇਰ ਰਾਤ ਤੱਕ ਚਲਦੀ ਰਹਿੰਦੀ ਹੈ।” ਜੈਸ਼ੰਕਰ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੋਵਿਡ ਮਹਾਮਾਰੀ ਦੌਰਾਨ ਤਾਲਾਬੰਦੀ ਦੇ ਕੀਤੇ ਐਲਾਨ, ਵੈਕਸੀਨ ਦਾ ਉਤਪਾਦਨ ਵਧਾਉਣ ਸਣੇ ਕਈ ਸਖ਼ਤ ਫੈਸਲਿਆਂ ਦਾ ਹਵਾਲਾ ਦਿੱਤਾ। -ਪੀਟੀਆਈ
ਕੁਆਡ ਵੱਲੋਂ ਯੂਕਰੇਨ ਵਿੱਚ ਵਿਆਪਕ, ਨਿਆਂਪੂਰਨ ਅਤੇ ਸਥਾਈ ਸ਼ਾਂਤੀ ਦੀ ਮੰਗ
ਨਵੀਂ ਦਿੱਲੀ: ਕੁਆਡ ਦੇ ਵਿਦੇਸ਼ ਮੰਤਰੀਆਂ ਨੇ ਯੂਕਰੇਨ ਵਿੱਚ ਸਥਾਈ ਅਮਨ ਬਹਾਲੀ ਦਾ ਸੱਦਾ ਦਿੰਦਿਆਂ ਰੂਸ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਪਰਮਾਣੂ ਹਥਿਆਰਾਂ ਦੀ ਵਰਤੋਂ ਜਾਂ ਇਨ੍ਹਾਂ ਦੇ ਸਿਰ ‘ਤੇ ਧਮਕਾਉਣ ਦੀ ਰਣਨੀਤੀ ਕਿਸੇ ਵੀ ਕੀਮਤ ‘ਤੇ ‘ਸਵੀਕਾਰ ਨਹੀਂ’ ਹੈ। ਵਿਦੇਸ਼ ਮੰਤਰੀਆਂ ਨੇ ਸਾਂਝੇ ਬਿਆਨ ਵਿੱਚ ਕੌਮਾਂਤਰੀ ਕਾਨੂੰਨਾਂ ਮੁਤਾਬਕ ਯੂਕਰੇਨ ਵਿੱਚ ਵਿਆਪਕ, ਨਿਆਂਪੂਰਨ ਅਤੇ ਸਥਾਈ ਸ਼ਾਂਤੀ ਦੀ ਲੋੜ ‘ਤੇ ਜ਼ੋਰ ਦਿੱਤਾ। ਵਿਦੇਸ਼ ਮੰਤਰੀਆਂ ਨੇ ਕਿਹਾ, ”ਅਸੀਂ ਯੂਕਰੇਨ ਸੰਘਰਸ਼ ਅਤੇ ਇਸ ਕਾਰਨ ਮਨੁੱਖਾਂ ਨੂੰ ਦਰਪੇਸ਼ ਅਥਾਹ ਦੁੱਖਾਂ ਬਾਰੇ ਆਪਣੀਆਂ ਪ੍ਰਤੀਕਿਰਿਆਵਾਂ ‘ਤੇ ਚਰਚਾ ਕਰਨਾ ਜਾਰੀ ਰੱਖਿਆ, ਅਤੇ ਇਸ ਗੱਲ ‘ਤੇ ਸਹਿਮਤ ਹੋਏ ਕਿ ਪਰਮਾਣੂ ਹਥਿਆਰਾਂ ਦੀ ਵਰਤੋਂ ਜਾਂ ਖ਼ਤਰੇ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ।” -ਪੀਟੀਆਈ
ਸਰਹੱਦ ਨਾਲ ਸਬੰਧਤ ਮੁੱਦਿਆਂ ਦਾ ਛੇਤੀ ਨਿਬੇੜਾ ਕੀਤਾ ਜਾਵੇ: ਚੀਨ
ਪੇਈਚਿੰਗ: ਚੀਨੀ ਵਿਦੇਸ਼ ਮੰਤਰੀ ਕਿਨ ਗੈਂਗ ਨੇ ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨੂੰ ਸਪੱਸ਼ਟ ਕੀਤਾ ਹੈ ਕਿ ਭਾਰਤ ਅਤੇ ਚੀਨ ਨੂੰ ਦੁਵੱਲੇ ਸਬੰਧਾਂ ਵਿੱਚ ਸਰਹੱਦ ਦੇ ਮੁੱਦੇ ਨੂੰ ‘ਢੁੱਕਵਾਂ ਸਥਾਨ’ ਦੇਣਾ ਚਾਹੀਦਾ ਹੈ ਅਤੇ ਸਰਹੱਦਾਂ ‘ਤੇ ਸਥਿਤੀ ਜਲਦੀ ਤੋਂ ਜਲਦੀ ਆਮ ਪ੍ਰਬੰਧ ਅਧੀਨ ਲਿਆਉਣ ਲਈ ਰਲ ਕੇ ਕੰਮ ਕਰਨਾ ਚਾਹੀਦਾ ਹੈ। ਜੈਸ਼ੰਕਰ ਅਤੇ ਕਿਨ ਵਿਚਕਾਰ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਜੀ-20 ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਪਲੇਠੀ ਮੁਲਾਕਾਤ ਹੋਈ ਸੀ। ਭਾਰਤ ਦਾ ਕਹਿਣਾ ਹੈ ਕਿ ਚੀਨ ਨਾਲ ਉਸ ਦੇ ਸਬੰਧ ਉਦੋਂ ਤੱਕ ਆਮ ਨਹੀਂ ਹੋ ਸਕਦੇ ਜਦੋਂ ਤੱਕ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਨਹੀਂ ਹੁੰਦੀ। ਜੈਸ਼ੰਕਰ ਨੇ ਕਿਨ ਨੂੰ ਦੱਸਿਆ ਕਿ ਭਾਰਤ-ਚੀਨ ਸਬੰਧਾਂ ਦੀ ਸਥਿਤੀ ‘ਅਸਾਧਾਰਨ’ ਹੈ ਕਿਉਂਕਿ ਉਨ੍ਹਾਂ ਦੀ ਗੱਲਬਾਤ ਦੁਵੱਲੇ ਸਬੰਧਾਂ, ਖਾਸ ਕਰਕੇ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਚੁਣੌਤੀਆਂ ਨੂੰ ਹੱਲ ਕਰਨ ‘ਤੇ ਕੇਂਦਰਿਤ ਹੈ। ਜੈਸ਼ੰਕਰ ਨੇ ਕਿਹਾ, ”ਅਸੀਂ ਜੀ-20 ਵਿੱਚ ਕੀ ਹੋ ਰਿਹਾ ਹੈ, ਇਸ ਬਾਰੇ ਸੰਖੇਪ ਚਰਚਾ ਕੀਤੀ ਸੀ। ਪਰ ਮੀਟਿੰਗ ਦਾ ਜ਼ੋਰ ਅਸਲ ਵਿੱਚ ਸਾਡੇ ਦੁਵੱਲੇ ਸਬੰਧਾਂ ਤੇ ਚੁਣੌਤੀਆਂ, ਖਾਸ ਕਰਕੇ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਦੀਆਂ ਚੁਣੌਤੀਆਂ ਉੱਤੇ ਸੀ।” ਕਿਨ ਨੇ ਜੈਸ਼ੰਕਰ ਨੂੰ ਕਿਹਾ ਕਿ ਦੋਵਾਂ ਧਿਰਾਂ ਨੂੰ ਨੇਤਾਵਾਂ ਦੀ ਮਹੱਤਵਪੂਰਨ ਸਹਿਮਤੀ ਲਾਗੂ ਕਰਨੀ ਚਾਹੀਦੀ ਹੈ। -ਪੀਟੀਆਈ
ਚੀਨ ਵੱਲੋਂ ਮੀਟਿੰਗ ਦਾ ਵਿਰੋਧ
ਪੇਈਚਿੰਗ: ਚੀਨ ਨੇ ਅਮਰੀਕਾ, ਭਾਰਤ, ਆਸਟਰੇਲੀਆ ਤੇ ਜਾਪਾਨ ਦੀ ਸ਼ਮੂਲੀਅਤ ਵਾਲੇ ਚਾਰ ਮੁਲਕੀ ਸਮੂਹ ‘ਕੁਆਡ’ ਦੀ ਨਵੀਂ ਦਿੱਲੀ ਵਿੱਚ ਹੋਈ ਮੀਟਿੰਗ ਦੀ ਮੁੜ ਨੁਕਤਾਚੀਨੀ ਕੀਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ ਕਿਹਾ ਕਿ ਚੀਨ ਦਾ ਮੰਨਣਾ ਹੈ ਕਿ ਦੋ ਮੁਲਕਾਂ ਵਿੱਚ ਹੁੰਦਾ ਸੰਵਾਦ ਉਸ ਸਮੇਂ ਦੇ ਰੁਝਾਨ ਮੁਤਾਬਕ ਹੋਣਾ ਚਾਹੀਦਾ ਹੈ। ਨਿੰਗ ਨੇ ਕਿਹਾ, ”ਸਾਨੂੰ ਲੱਗਦਾ ਹੈ ਕਿ ਖੇਤਰੀ ਪ੍ਰਸਪਰ ਵਿਸ਼ਵਾਸ, ਸ਼ਾਂਤੀ ਤੇ ਖੇਤਰੀ ਸਥਿਰਤਾ ਲਈ ਦੇਸ਼ਾਂ ਨੂੰ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ।” ਤਰਜਮਾਨ ਨੇ ਕੁਆਡ ਬਾਰੇ ਚੀਨ ਦੇ ਸਟੈਂਡ ਨੂੰ ਦੁਹਰਾਉਂਦਿਆਂ ਕਿਹਾ ਕਿ ਇਸ ਸਮੂਹ ਦਾ ਇਕੋ ਇਕ ਟੀਚਾ ਚੀਨ ਦੇ ਉਭਾਰ ਨੂੰ ਰੋਕਣਾ ਹੈ। -ਪੀਟੀਆਈ