ਮਾਸਕੋ, 4 ਮਾਰਚ
ਰੂਸੀ ਕੋਵਿਡ-19 ਵੈਕਸੀਨ ਸਪੂਤਨਿਕ ਵੀ ਬਣਾਉਣ ਵਿਚ ਸ਼ਾਮਲ ਵਿਗਿਆਨੀਆਂ ਵਿਚੋਂ ਇਕ ਆਂਦਰੇ ਬੋਤੀਕੋਵ ਨੂੰ ਇੱਥੇ ਉਸ ਦੇ ਅਪਾਰਟਮੈਂਟ ਵਿਚ ਬੈਲਟ ਨਾਲ ਗਲਾ ਘੁੱਟ ਕੇ ਮਾਰ ਦਿੱਤਾ ਗਿਆ ਅਤੇ ਪੁਲੀਸ ਨੇ ਕਤਲ ਦੇ ਸਬੰਧ ਵਿਚ ਇਕ ਮਸ਼ਕੂਕ ਨੂੰ ਗ੍ਰਿਫਤਾਰ ਕੀਤਾ ਹੈ। ਰਸ਼ੀਅਨ ਫੈਡਰੇਸ਼ਨ ਦੀ ਜਾਂਚ ਕਮੇਟੀ ਦੇ ਹਵਾਲੇ ਨਾਲ ਦੱਸਿਆ ਕਿ 47 ਸਾਲਾ ਬੋਤੀਕੋਵ, ਜੋ ਗਮਾਲੇਆ ਨੈਸ਼ਨਲ ਰਿਸਰਚ ਸੈਂਟਰ ਫਾਰ ਈਕੋਲੋਜੀ ਐਂਡ ਮੈਥੇਮੈਟਿਕਸ ਵਿੱਚ ਸੀਨੀਅਰ ਖੋਜੀ ਸੀ, ਦੀ ਲਾਸ਼ ਉਸ ਦੇ ਅਪਾਰਟਮੈਂਟ ਵਿੱਚ ਮਿਲੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 2021 ਵਿੱਚ ਕੋਵਿਡ ਵੈਕਸੀਨ ‘ਤੇ ਕੰਮ ਕਰਨ ਲਈ ਵਾਇਰੋਲੋਜਿਸਟ ਨੂੰ ਆਰਡਰ ਆਫ਼ ਮੈਰਿਟ ਫਾਰ ਦਿ ਫਾਦਰਲੈਂਡ ਅਵਾਰਡ ਨਾਲ ਸਨਮਾਨਿਤ ਕੀਤਾ। ਰਿਪੋਰਟਾਂ ਅਨੁਸਾਰ ਬੋਤੀਕੋਵ ਉਨ੍ਹਾਂ 18 ਵਿਗਿਆਨੀਆਂ ਵਿੱਚੋਂ ਇੱਕ ਸੀ, ਜਿਨ੍ਹਾਂ ਨੇ 2020 ਵਿੱਚ ਸਪੂਤਨਿਕ V ਵੈਕਸੀਨ ਵਿਕਸਿਤ ਕੀਤੀ ਸੀ। ਉਸ ਦੀ ਮੌਤ ਦੀ ਹੱਤਿਆ ਦੇ ਤੌਰ ‘ਤੇ ਜਾਂਚ ਕੀਤੀ ਜਾ ਰਹੀ ਹੈ। ਜਾਂਚ ਕਰਤਾਵਾਂ ਮੁਤਾਬਕ 29 ਸਾਲਾ ਨੌਜਵਾਨ ਨੇ ਬਹਿਸ ਦੌਰਾਨ ਬੋਤੀਕੋਵ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫ਼ਰਾਰ ਹੋ ਗਿਆ ਸੀ।