ਇੰਦੌਰ: ਇੱਥੇ ਤੀਜੇ ਟੈਸਟ ਵਿੱਚ ਆਸਟਰੇਲੀਆ ਨੇ ਭਾਰਤ ਨੂੰ ਨੌਂ ਵਿਕਟਾਂ ਨਾਲ ਹਰਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਆਸਟਰੇਲੀਆ ਨੇ ਜਿੱਤ ਲਈ ਮਿਲੇ 76 ਦੌੜਾਂ ਦੇ ਟੀਚੇ ਨੂੰ ਇੱਕ ਵਿਕਟ ਗਵਾ ਕੇ 18.5 ਓਵਰਾਂ ਵਿੱਚ ਹੀ ਪੂਰਾ ਕਰ ਲਿਆ। ਇਸ ਵਿੱਚ ਟ੍ਰੈਵਿਸ ਹੈੱਡ ਨੇ ਨਾਬਾਦ 49 ਦੌੜਾਂ ਅਤੇ ਮਾਰਨਸ ਲਾਬੂਸ਼ੇਨ ਨੇ ਨਾਬਾਦ 28 ਦੌੜਾਂ ਦਾ ਯੋਗਦਾਨ ਪਾਇਆ। ਆਸਟਰੇਲੀਆ ਨੇ ਛੇ ਸਾਲ ਬਾਅਦ ਭਾਰਤ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਭਾਰਤ ਲਈ ਪਿਛਲੇ 10 ਸਾਲਾਂ ਵਿੱਚ ਇਹ ਸਿਰਫ ਤੀਜੀ ਹਾਰ ਹੈ। ਲੜੀ ਦਾ ਆਖਰੀ ਮੈਚ 9 ਮਾਰਚ ਨੂੰ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ।
ਇਸ ਤੋਂ ਪਹਿਲਾਂ ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 109 ਦੌੜਾਂ ਬਣਾਈਆਂ ਸਨ। ਇਸ ਮਗਰੋਂ ਆਸਟਰੇਲੀਆ ਨੇ 197 ਦੌੜਾਂ ਬਣਾ ਕੇ 88 ਦੌੜਾਂ ਦੀ ਲੀਡ ਲਈ। ਇਸ ਦੇ ਜਵਾਬ ਵਿੱਚ ਭਾਰਤ ਨੇ ਆਪਣੀ ਦੂਜੀ ਪਾਰੀ ਵਿੱਚ 163 ਦੌੜਾਂ ਬਣਾ ਕੇ ਆਸਟਰੇਲੀਆ ਨੂੰ 76 ਦੌੜਾਂ ਦਾ ਟੀਚਾ ਦਿੱਤਾ, ਜੋ ਆਸਟਰੇਲੀਆ ਨੇ 18.5 ਓਵਰਾਂ ਵਿੱਚ ਹੀ ਪੂਰਾ ਕਰ ਲਿਆ। ਆਸਟਰੇਲੀਆ ਦੀ ਟੀਮ ਜਿਸ ਤਰ੍ਹਾਂ ਨਾਗਪੁਰ ਅਤੇ ਦਿੱਲੀ ਦੀ ਦੂਜੀ ਪਾਰੀ ਵਿੱਚ ਢੇਰ ਹੋਈ ਸੀ, ਉਸ ਤੋਂ ਲੱਗ ਰਿਹਾ ਸੀ ਕਿ ਸ਼ੁੱਕਰਵਾਰ ਨੂੰ ਪਹਿਲੇ ਸੈਸ਼ਨ ਵਿੱਚ ਕੁੱਝ ਵੀ ਹੋ ਸਕਦਾ ਹੈ। ਰਵੀਚੰਦਰਨ ਅਸ਼ਵਿਨ ਨੇ ਦਿਨ ਦੀ ਦੂਜੀ ਗੇਂਦ ‘ਤੇ ਉਸਮਾਨ ਖਵਾਜਾ ਦੀ ਵਿਕਟ ਲੈ ਕੇ ਇੱਕ ਹੋਰ ਚਮਤਕਾਰ ਦੀ ਉਮੀਦ ਜਗਾਈ ਪਰ ਬਾਅਦ ਵਿੱਚ ਹੈੱਡ ਅਤੇ ਲਾਬੂਸ਼ੇਨ ਨੇ ਭਾਰਤੀ ਟੀਮ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਮੈਚ 9 ਵਿਕਟਾਂ ਨਾਲ ਆਪਣੇ ਨਾਮ ਕਰ ਲਿਆ। -ਪੀਟੀਆਈ
ਫਾਈਨਲ ‘ਚ ਪਹੁੰਚਣ ਲਈ ਭਾਰਤ ਲਈ ਚੌਥਾ ਟੈਸਟ ਜਿੱਤਣਾ ਜ਼ਰੂਰੀ
ਨਵੀਂ ਦਿੱਲੀ: ਆਸਟਰੇਲੀਆ ਖ਼ਿਲਾਫ਼ ਇੰਦੌਰ ਟੈਸਟ ਵਿੱਚ 9 ਵਿਕਟਾਂ ਨਾਲ ਹਾਰ ਮਿਲਣ ਮਗਰੋਂ ਭਾਰਤੀ ਟੀਮ ਨੂੰ ਡਬਲਿਊਟੀਸੀ ਫਾਈਨਲ ਵਿੱਚ ਜਗ੍ਹਾ ਬਣਾਉਣ ਲਈ 9 ਮਾਰਚ ਨੂੰ ਅਹਿਮਦਾਬਾਦ ਵਿੱਚ ਖੇਡਿਆ ਜਾਣ ਵਾਲਾ ਚੌਥਾ ਟੈਸਟ ਜਿੱਤਣਾ ਜ਼ਰੂਰੀ ਹੋਵੇਗਾ। ਜੇ ਭਾਰਤ ਇਹ ਮੈਚ ਹਾਰ ਗਿਆ ਜਾਂ ਡਰਾਅ ਖੇਡਿਆ ਤਾਂ ਟੀਮ ਨੂੰ ਫਾਈਨਲ ਦੀ ਟਿਕਟ ਲਈ ਸ੍ਰੀਲੰਕਾ ਦੇ ਨਿਊਜ਼ੀਲੈਂਡ ਦੌਰੇ ‘ਤੇ ਖੇਡੇ ਜਾਣ ਵਾਲੇ ਦੋ ਟੈਸਟ ਮੈਚ ਦੇ ਨਤੀਜਿਆਂ ‘ਤੇ ਨਿਰਭਰ ਹੋਣਾ ਪਵੇਗਾ। ਜੇ ਭਾਰਤੀ ਟੀਮ ਚੌਥਾ ਟੈਸਟ ਹਾਰ ਜਾਂਦੀ ਹੈ ਅਤੇ ਸ੍ਰੀਲੰਕਾ ਨਿਊਜ਼ੀਲੈਂਡ ਨੂੰ 2-0 ਨਾਲ ਮਾਤ ਦੇ ਦਿੰਦਾ ਹੈ ਤਾਂ ਸ੍ਰੀਲੰਕਾ ਫਾਈਨਲ ਵਿੱਚ ਪਹੁੰਚ ਜਾਵੇਗਾ। -ਪੀਟੀਆਈ