ਮੁਲਹੇਮ: ਵਿਸ਼ਵ ਦੇ ਸਾਬਕਾ ਨੰਬਰ ਇੱਕ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਜਰਮਨ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ‘ਚੋਂ ਆਪਣਾ ਨਾਮ ਵਾਪਸ ਲੈ ਲਿਆ ਹੈ, ਜਿਸ ਮਗਰੋਂ ਪਿਛਲੇ ਸਾਲ ਦਾ ਉਪ ਜੇਤੂ ਲਕਸ਼ੈ ਸੇਨ ਭਾਰਤੀ ਚੁਣੌਤੀ ਦੀ ਅਗਵਾਈ ਕਰੇਗਾ। ਸੇਨ ਦੇ ਨਾਲ ਹਾਲ ਹੀ ਵਿੱਚ ਕੌਮੀ ਚੈਂਪੀਅਨ ਬਣੇ ਮਿਥੁਨ ਮੰਜੂਨਾਥ ਤੋਂ ਟੂਰਨਾਮੈਂਟ ਵਿੱਚ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜੇਤੂ ਸੇਨ ਨੇ ਪਿਛਲੇ ਸੈਸ਼ਨ ਦੇ ਸੈਮੀਫਾਈਨਲ ਵਿੱਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਵਿਕਟਰ ਐਕਸੈਲਸੇਨ ਨੂੰ ਹਰਾਇਆ ਸੀ ਪਰ ਫਾਈਨਲ ‘ਚ ਹਾਰ ਕੇ ਉਹ ਖਿਤਾਬ ਤੋਂ ਖੁੰਝ ਗਿਆ ਸੀ। ਉਹ ਫਰਾਂਸ ਦੇ ਕ੍ਰਿਸਟੋ ਪੋਪੋਵ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ ਜਦਕਿ ਸ਼ੁਰੂਆਤੀ ਚੁਣੌਤੀਆਂ ਪਾਰ ਕਰਨ ਤੋਂ ਬਾਅਦ ਕੁਆਰਟਰ ਫਾਈਨਲ ਵਿੱਚ ਉਸ ਦਾ ਮੁਕਾਬਲਾ ਮਲੇਸ਼ੀਆ ਦੇ ਸਿਖਰਲਾ ਦਰਜਾ ਪ੍ਰਾਪਤ ਲੀ ਜੀ ਜੀਆ ਨਾਲ ਹੋ ਸਕਦਾ ਹੈ। ਸਾਇਨਾ ਨੇਹਵਾਲ ਅਤੇ ਮਾਲਵਿਕਾ ਬੰਸੌਦ ਵੀ ਮਹਿਲਾ ਸਿੰਗਲਜ਼ ਡਰਾਅ ਵਿੱਚ ਹਨ, ਜਦਕਿ ਅਸ਼ਵਨੀ ਪੋਨੱਪਾ ਅਤੇ ਬੀ. ਸੁਮੀਤ ਰੈੱਡੀ ਦੀ ਮਿਕਸਡ ਡਬਲਜ਼ ਜੋੜੀ ਵੀ ਇੱਥੇ ਚੁਣੌਤੀ ਪੇਸ਼ ਕਰਨ ਲਈ ਤਿਆਰ ਹੈ। -ਪੀਟੀਆਈ