ਨਵੀਂ ਦਿੱਲੀ, 7 ਮਾਰਚ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਸਾਂਝੇ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਸਰਕਾਰ ਦੇ 10 ਸਾਲਾਂ ਦੌਰਾਨ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ 258.8 ਫੀਸਦੀ ਵਧੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 9 ਸਾਲ ਦੇ ਕਾਰਜਕਾਲ ਦੌਰਾਨ ਪ੍ਰਤੀ ਵਿਅਕਤੀ ਆਮਦਨ ਸਿਰਫ਼ 98.5 ਫੀਸਦੀ ਵਧੀ ਹੈ। ਉਨ੍ਹਾਂ ਟਵੀਟ ਕੀਤਾ, ‘ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ‘ਤੇ ਸੁਰਖੀਆਂ ਬਣਾਉਣ ਦੇ ਭਾਜਪਾ ਦੇ ਜਾਲ ਵਿੱਚ ਨਾ ਫਸੋ। ਕਾਂਗਰਸ ਵੱਲੋਂ ਤੁਹਾਡੀ ਆਮਦਨ ਵਧਾਉਣ ਲਈ ਜੋ ਸੁਰੱਖਿਆ ਛਤਰੀ ਦਿੱਤੀ ਗਈ ਸੀ, ਉਹ ਭਾਜਪਾ ਦੇ ਪ੍ਰਚਾਰ ਤੋਂ ਵੀ ਜ਼ਿਆਦਾ ਮਜ਼ਬੂਤ ਸੀ।’ ਗ੍ਰਾਫ਼ ਰਾਹੀਂ ਅੰਕੜੇ ਪੇਸ਼ ਕਰਦੇ ਹੋਏ ਸ੍ਰੀ ਖੜਗੇ ਨੇ ਇਹ ਵੀ ਕਿਹਾ ਕਿ 2004-2014 ਤੱਕ ਯੂਪੀਏ ਸਰਕਾਰ ਦੇ ਦੌਰਾਨ ਪ੍ਰਤੀ ਵਿਅਕਤੀ ਆਮਦਨ 258.8 ਫੀਸਦੀ ਤੇ ਪ੍ਰਤੀ ਵਿਅਕਤੀ 24,143 ਤੋਂ 86,647 ਰੁਪਏ ਹੋ ਗਈ ਅਤੇ ਨਰਿੰਦਰ ਮੋਦੀ ਦੀ ਸਰਕਾਰ ਵੇਲੇ 2014 ਤੋਂ 2023 ਦੌਰਾਨ ਇਹ 98.5 ਫੀਸਦੀ ਵਧ ਕੇ 1,72,000 ਰੁਪਏ ਤੱਕ ਪਹੁੰਚੀ। ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਅੰਕੜਿਆਂ ਵਿੱਚ ਕਿਹਾ ਗਿਆ ਹੈ ਕਿ 2014-15 ਵਿੱਚ ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਦੁੱਗਣੀ ਹੋ ਕੇ 1,72,000 ਰੁਪਏ ਹੋ ਗਈ ਹੈ।