ਲਖਨਊ, 7 ਮਾਰਚ
ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਵਿੱਚ ਅੱਜ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੇ ਸਾਥੀਆਂ ਦੇ ਦੋ ਘਰਾਂ ਨੂੰ ‘ਨਾਜਾਇਜ਼ ਉਸਾਰੀ’ ਕਰਾਰ ਦਿੰਦਿਆਂ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ ਗਿਆ। ਏਡੀਜੀ (ਲਾਅ ਐਂਡ ਆਰਡਰ) ਪ੍ਰਸ਼ਾਂਤ ਕੁਮਾਰ ਨੇ ਕਿਹਾ, ”ਬਾਂਦਾ ਜ਼ਿਲ੍ਹੇ ਵਿੱਚ ਰਫੀਕੁਸਮਾਦ ਅਤੇ ਇਫ਼ਤਿਕਾਰ ਦੇ ਗੈਰ-ਕਾਨੂੰਨੀ ਤੌਰ ‘ਤੇ ਬਣਾਏ ਘਰ ਢਾਹ ਦਿੱਤੇ ਗਏ ਹਨ। ਇਹ ਦੋਵੇਂ ਅੰਸਾਰੀ ਨੂੰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਉਂਦੇ ਸਨ।” ਦੋਵਾਂ ਦੇ ਘਰੋਂ ਬੰਦੂਕਾਂ ਅਤੇ ਕਾਰਤੂਸ ਬਰਾਮਦ ਹੋਏ ਹਨ। ਅਧਿਕਾਰੀਆਂ ਨੇ ਇਨ੍ਹਾਂ ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ।
ਅਧਿਕਾਰੀ ਨੇ ਦੱਸਿਆ ਕਿ ਅਲੀਗੰਜ ਇਲਾਕੇ ਵਿੱਚ ਰਫੀਕ ਨਰਸਿੰਗ ਹੋਮ ਨੇੜੇ ਰਫੀਕੁਸਮਾਦ ਦੇ ਘਰ ਅਤੇ ਜ਼ਿਲ੍ਹਾ ਪਰਿਸ਼ਦ ਚੌਰਾਹੇ ਨੇੜੇ ਮੌਜੂਦ ਇਫਿਤਕਾਰ ਦੇ ਘਰ ਦੇ ਨਕਸ਼ੇ ਪਾਸ ਨਹੀਂ ਹੋਏ ਸਨ। ਪੁਲੀਸ ਨੇ ਰਫੀਕੁਸਮਾਦ ਦੇ ਘਰੋਂ ਸੱਤ ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰਫੀਕੁਸਮਾਦ ਅੰਸਾਰੀ ਨੂੰ ਜ਼ਰੂਰੀ ਚੀਜ਼ਾਂ ਅਤੇ ਹੋਰ ਸਾਮਾਨ ਮੁਹੱਈਆ ਕਰਵਾਉਂਦਾ ਸੀ ਜਦਕਿ ਇਫਤਿਕਾਰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਰਿਹਾਇਸ਼ ਲਈ ਸਹੂਲਤਾਂ ਦਿੰਦਾ ਸੀ।
ਜ਼ਿਕਰਯੋਗ ਹੈ ਕਿ ਗਾਜ਼ੀਪੁਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਐਤਵਾਰ ਨੂੰ ਅੰਸਾਰੀ ਦੇ ਸਹਿਯੋਗੀ ਕਮਲੇਸ਼ ਸਿੰਘ ਵੱਲੋਂ ਬਣਾਈ ਗਈ ਇਮਾਰਤ ਨੂੰ ਢਾਹ ਦਿੱਤਾ ਸੀ। ਇਸ ਤੋਂ ਇਲਾਵਾ ਮਾਊ ਜ਼ਿਲ੍ਹੇ ਦੇ ਜਹਾਂਗੀਰਾਬਾਦ ਇਲਾਕੇ ਵਿੱਚ ਅੰਸਾਰੀ ਦੇ ਪੁੱਤਰਾਂ ਅੱਬਾਸ ਅਤੇ ਉਮਰ ਅੰਸਾਰੀ ਦਾ ਦੋ ਮੰਜ਼ਲਾ ਮਕਾਨ ਵੀ ਢਾਹ ਦਿੱਤਾ ਗਿਆ ਸੀ। ਅੰਸਾਰੀ ਇਸ ਸਮੇਂ ਬਾਂਦਾ ਜੇਲ੍ਹ ਵਿੱਚ ਬੰਦ ਹੈ। -ਪੀਟੀਆਈ