ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਮਾਰਚ
ਸਨਅਤੀ ਸ਼ਹਿਰ ਦੇ ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਗ ਗਰੇਵਾਲ ਭੋਲਾ ਦੀ ਅਗਵਾਈ ਵਿੱਚ ਸੈਕਟਰ 32 ‘ਚ ਪਹਿਲਾ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸ਼ਿਰਕਤ ਕੀਤੀ। ਇਸ ਕਬੱਡੀ ਕੱਪ ਵਿੱਚ ਕਰੀਬ 16 ਟੀਮਾਂ ਨੇ ਹਿੱਸਾ ਲਿਆ।
ਇਸ ਦੌਰਾਨ ਪੰਜਾਬ ਦੇ ਮਸ਼ਹੂਰ ਕਲਾਕਾਰ ਲਾਭ ਹੀਰਾ ਵੱਲੋਂ ਖੁੱਲ੍ਹਾ ਅਖਾੜਾ ਲਗਾਇਆ ਗਿਆ। ਇਸ ਦੌਰਾਨ ਕਬੱਡੀ ਮੁਕਾਬਲਿਆਂ ਵਿੱਚੋਂ ਕੰਗਣਵਾਲ ਦੀ ਟੀਮ ਨੇ ਬਾਜ਼ੀ ਮਾਰੀ ਅਤੇ ਰਛੀਨ ਪਿੰਡ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਪਹਿਲੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ ਡੇਢ ਲੱਖ ਰੁਪਏ ਦਾ ਇਨਾਮ ਅਤੇ ਦੂਜੇ ਸਥਾਨ ‘ਤੇ ਕਾਬਜ਼ ਟੀਮ ਨੂੰ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਇਨ੍ਹਾਂ ਮੁਕਾਬਲਿਆਂ ਦੌਰਾਨ ਪ੍ਰਸਿੱਧ ਖਿਡਾਰੀ ਦੇ ਰੂਪ ਵਿੱਚ ਔਲਖ ਕੈਨੇਡਾ ਨੂੰ ਗਰੇਵਾਲ ਪਰਿਵਾਰ ਵੱਲੋਂ ਬੁਲੇਟ ਮੋਟਰਸਾਈਕਲ ਇਨਾਮ ਵਜੋਂ ਦਿੱਤਾ ਗਿਆ। ਬੈਸਟ ਸਟੌਪਰ ਵਜੋਂ ਲਵੀ ਔਲਖ ਨੇ ਬਾਜ਼ੀ ਮਾਰੀ ਅਤੇ ਪਾਲੇ ਨੂੰ ਬੈਸਟ ਰੇਡਰ ਐਲਾਨਿਆ ਗਿਆ। ਇਸ ਮੌਕੇ ਵਿਧਾਇਕ ਗਰੇਵਾਲ ਨੇ ਮੁਕਾਬਲੇ ਵਿੱਚ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਇਨਾਮ ਵੰਡੇ ਅਤੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।