ਲਾਹੌਰ, 14 ਮਾਰਚ
ਪੀਐਮਐਲ (ਐਨ) ਦੀ ਸੀਨੀਅਰ ਆਗੂ ਮਰੀਅਮ ਨਵਾਜ਼ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਲਮੀ ਪੱਧਰ ‘ਤੇ ਹੋਏ ਸਮਝੌਤਿਆਂ ਨੂੰ ਦਰਕਿਨਾਰ ਕਰਨ ਲਈ ਕਰਾਰੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਕੌਮਾਂਤਰੀ ਮੁਦਰਾ ਫੰਡ (ਆਈਐਮਐਫ) ਦਾ ‘ਬੰਧਕ’ ਹੈ ਅਤੇ ਇਹ ਨਕਦੀ ਦੀ ਤੰਗੀ ਨਾਲ ਜੂਝ ਰਹੇ ਮੁਲਕ ਨਾਲ ‘ਕਲੋਨੀ’ ਵਾਂਗ ਵਰਤਾਅ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦਾ ਅਰਥਚਾਰਾ ਗੰਭੀਰ ਸੰਕਟ ਹੇਠ ਹੈ। ਇਹ ਮੁਲਕ ਵਾਸ਼ਿੰਗਟਨ ਆਧਾਰਿਤ ਕੌਮਾਂਤਰੀ ਮੁਦਰਾ ਫੰਡ (ਆਈਐਮਐਫ) ਤੋਂ 1.1 ਬਿਲੀਅਨ ਡਾਲਰ ਦੀ ਸਹਾੲਤਾ ਰਾਸ਼ੀ ਦੀ ਉਡੀਕ ਕਰ ਰਿਹਾ ਹੈ।
ਇੱਥੇ ਮਾਡਲ ਟਾਊਨ ਵਿੱਚ ਸੋਸ਼ਲ ਮੀਡੀਆ ਦੇ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਮੁਸਲਿਮ ਲੀਗ (ਐਨ) ਦੀ ਆਗੂ ਮਰੀਅਮ ਨੇ ਕਿਹਾ,’ਆਈਐਮਐਫ ਸਾਡੇ ‘ਤੇ ਭਰੋਸਾ ਕਰਨ ਲਈ ਤਿਆਰ ਨਹੀਂ ਹੈ। ਪਾਕਿਸਤਾਨ ਆਈਐਮਐਫ ਦਾ ਬੰਦੀ ਹੈ ਅਤੇ ਇਹ ਮੁਲਕ ਨਾਲ ਕਲੋਨੀ ਵਾਂਗ ਪੇਸ਼ ਆ ਰਿਹਾ ਹੈ। ਜੇ ਅਸੀਂ ਇਸ ਦੇ ਹੱਥਾਂ ਵਿੱਚੋਂ ਨਿਕਲਣਾ ਵੀ ਚਾਹੀਏ ਤਾਂ ਵੀ ਮੁਕਤ ਨਹੀਂ ਹੋ ਸਕਦੇ।
‘ਡਾਅਨ’ ਅਖਬਾਰ ਦੀ ਰਿਪੋਰਟ ਮੁਤਾਬਿਕ ਮਰੀਅਮ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਚੇਅਰਮੈਨ ਇਮਰਾਨ ਖਾਨ ਦੀ ਆਈਐਮਐਫ ਨਾਲ ਹੋਏ ਸਮਝੌਤੇ ਦੀਆਂ ਧੱਜੀਆਂ ਉਡਾਉਣ ‘ਤੇ ਭੰਡਿਆ। ਉਨ੍ਹਾਂ ਕਿਹਾ,’ਅੱਜ ਹਾਲਾਤ ਇਹ ਹੋ ਗਏ ਹਨ ਕਿ ਸਾਨੂੰ ਇਕ ਬਿਲੀਅਨ ਲਈ ਹਾੜ੍ਹੇ ਕੱਢਣੇ ਪੈ ਰਹੇ ਹਨ। ਉਨ੍ਹਾਂ ਆਪਣੇ ਪਿਤਾ ਨਵਾਜ਼ ਸ਼ਰੀਫ ਦੀ ਸਰਕਾਰ ਦੀ ਤੁਲਨਾ ਖਾਨ ਨਾਲ ਕਰਦਿਆਂ ਕਿਹਾ ਕਿ ਕ੍ਰਿਕਟਰ ਇਮਰਾਨ ਖਾਨ ਦਾ ਸਿਆਸਤ ਵਿੱਚ ਦਾਖਲਾ ਮੁਲਕ ਨੂੰ ਬਰਬਾਦ ਕਰਨ ਲਈ ਹੋਇਆ ਸੀ। ਜ਼ਿਕਰਯੋਗ ਹੈ ਕਿ ਮਰੀਅਮ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਹੈ। ਉਨ੍ਹਾਂ ਖਾਨ ‘ਤੇ ਪ੍ਰਧਾਨ ਮੰਤਰੀ ਹੁੰਦਿਆਂ ਮਿਲੇ ਤੋਹਫਿਆਂ ਨੂੰ ਵੇਚਣ ਦੇ ਮਾਮਲੇ ਵਿੱਚ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ,’ਇਮਰਾਨ ਪਾਰਟੀ ਵਰਕਰਾਂ ਦੇ ਪਿੱਛੇ ਕਿਉਂ ਛੁਪ ਰਹੇ ਹਨ? ਉਹ ਮੁੜ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ, ਮੈਂ ਪੁੱਛਣਾ ਚਾਹੁੰਦੀ ਹਾਂ ਕਿ ਉਨ੍ਹਾਂ ਪ੍ਰਧਾਨ ਮੰਤਰੀ ਬਣ ਕੇ ਦੇਸ਼ ਲਈ ਕੀਤਾ ਕੀ ਹੈ ਜਿਸ ਦੇ ਆਧਾਰ ‘ਤੇ ਲੋਕ ਉਨ੍ਹਾਂ ਨੂੰ ਮੁੜ ਪ੍ਰਧਾਨ ਮੰਤਰੀ ਬਣਾਉਣ।’ -ਪੀਟੀਆਈ