ਕੀਵ, 14 ਮਾਰਚ
ਰੂਸ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ ‘ਚ ਯੂਕਰੇਨ ਦੀ ਰਿਹਾਇਸ਼ੀ ਇਮਾਰਤ ਨਿਸ਼ਾਨਾ ਬਣੀ ਹੈ। ਇਸ ਹਮਲੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਤਿੰਨ ਹੋਰ ਫੱਟੜ ਹੋ ਗਏ ਹਨ। ਇਹ ਹਮਲਾ ਦੋਨੇਸਕ ਸੂਬੇ ਵਿਚ ਕੀਤਾ ਗਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੇਂਸਕੀ ਨੇ ਦੱਸਿਆ ਕਿ ਧਮਾਕੇ ਵਿਚ ਛੇ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਬਚਾਅ ਤੇ ਰਾਹਤ ਕਾਰਜ ਜਾਰੀ ਹਨ। ਯੂਕਰੇਨ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਹਮਲਿਆਂ ‘ਚ ਛੇ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਤੇ 30 ਹੋਰ ਫੱਟੜ ਹੋਏ ਹਨ। ਖੇਤਰੀ ਗਵਰਨਰ ਪਾਵਲੋ ਕਿਰੀਲੈਂਕੋ ਨੇ ਦੱਸਿਆ ਕਿ ਰੂਸੀ ਸੈਨਾ ਰਿਹਾਇਸ਼ੀ ਇਮਾਰਤਾਂ, ਸਕੂਲਾਂ ਤੇ ਹਸਪਤਾਲਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਸ਼ਹਿਰਾਂ ਨੂੰ ਮਲਬੇ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਦੌਰਾਨ ਰੂਸੀ ਸੈਨਾ ਦਾ ਵੀ ਕਾਫ਼ੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਇਸੇ ਦੌਰਾਨ ਰੂਸ ਨੇ ਜੰਗ ਖ਼ਤਮ ਕਰਨ ਲਈ ਚੀਨ ਦੇ ਸ਼ਾਂਤੀ ਪ੍ਰਸਤਾਵ ਦਾ ਸਵਾਗਤ ਕੀਤਾ ਹੈ ਪਰ ਕਰੈਮਲਿਨ ਦੇ ਬੁਲਾਰੇ ਦਮਿੱਤਰੀ ਪੇਸਕੋਵ ਨੇ ਕਿਹਾ ਕਿ ਕੀਵ ਵੱਲੋਂ ਵਾਰਤਾ ਲਈ ਨਾਂਹ ਕਰਨ ਤੋਂ ਬਾਅਦ ਰੂਸ ਕੋਲ ਫ਼ੌਜੀ ਕਾਰਵਾਈ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ ਬਚਿਆ। ਪੇਈਚਿੰਗ ਨੇ ਕਿਹਾ ਹੈ ਕਿ ਰੂਸ ਨਾਲ ਇਸ ਦੀ ਦੋਸਤੀ ਦੀ ‘ਕੋਈ ਹੱਦ ਨਹੀਂ ਹੈ।’ ਚੀਨ ਨੇ ਮਾਸਕੋ ਦੇ ਹਮਲਾਵਰ ਰਵੱਈਏ ਦੀ ਆਲੋਚਨਾ ਕਰਨ ਤੋਂ ਕਈ ਵਾਰ ਨਾਂਹ ਕੀਤੀ ਹੈ, ਤੇ ਇਸ ਨੂੰ ਹਮਲਾ ਮੰਨਣ ਤੋਂ ਵੀ ਇਨਕਾਰ ਕੀਤਾ ਹੈ। ਪੇਸਕੋਵ ਨੇ ਕਿਹਾ ਕਿ ਰੂਸ ਨੂੰ ਆਪਣੇ ਟੀਚੇ ਹਾਸਲ ਕਰਨੇ ਚਾਹੀਦੇ ਹਨ, ਤੇ ਕੀਵ ਦੇ ਮੌਜੂਦਾ ਰੁਖ਼ ਨੂੰ ਦੇਖਦਿਆਂ ਇਹ ਸਿਰਫ਼ ਫ਼ੌਜੀ ਕਾਰਵਾਈ ਰਾਹੀਂ ਹੀ ਸੰਭਵ ਹੈ। -ਏਪੀ