ਸਿੰਧ, 16 ਮਾਰਚ
ਪਾਕਿਸਤਾਨ ਵਿਚ ਹਿੰਦੂ ਕੁੜੀਆਂ ਨੂੰ ਅਗਵਾ ਅਤੇ ਜਬਰੀ ਧਰਮ ਪਰਿਵਰਤਨ ਦਾ ਸਿਲਸਿਲਾ ਜਾਰੀ ਹੈ। ਸਿੰਧ ਦੇ ਥਾਰਪਰਕਰ ਜ਼ਿਲ੍ਹੇ ਦੇ ਪਿੰਡ ਮੱਲ੍ਹੀ ਦੇ ਵਸਨੀਕ ਈਸ਼ਵਰ ਭੀਲ ਨੇ ਦੱਸਿਆ ਕਿ ਉਸ ਦੀ 20 ਸਾਲਾ ਧੀ ਗੁੱਡੀ ਭੀਲ ਨੂੰ 8 ਮਾਰਚ ਨੂੰ ਸਿਕੰਦਰ ਨੇ ਉਦੋਂ ਅਗਵਾ ਕਰ ਲਿਆ, ਜਦੋਂ ਉਹ ਹਸਪਤਾਲ ਤੋਂ ਆਪਣੇ ਭਰਾ ਲਈ ਬੁਖਾਰ ਦੀਆਂ ਦਵਾਈਆਂ ਲੈ ਕੇ ਆ ਰਹੀ ਸੀ। ਲੜਕੀ ‘ਤੇ ਇਸਲਾਮ ਕਬੂਲ ਕਰਨ ਲਈ ਦਬਾਅ ਪਾਇਆ ਗਿਆ ਸੀ। ਦੂਜੇ ਪਾਸੇ ਪੁਲੀਸ ਨੇ ਹਲਫ਼ਨਾਮਾ ਦਿਖਾਇਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਮਰਜ਼ੀ ਨਾਲ ਧਰਮ ਬਦਲਿਆ। ਪਿਤਾ ਦਾ ਕਹਿਣਾ ਹੈ ਇਹ ਝੂਠ ਹੈ। ਅਜਿਹਾ ਕਰਨ ਲਈ ਦਬਾਅ ਪਾਇਆ ਜਾਂ ਮਜਬੂਰ ਕੀਤਾ ਗਿਆ। ਇੱਕ ਹਿੰਦੂ ਨਾਬਾਲਗ ਲੜਕੀ ਦੇ ਅਗਵਾ ਹੋਣ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਤੋਂ ਇਨਕਾਰ ਕਰਨ ਦੀ ਇੱਕ ਹੋਰ ਘਟਨਾ ਵਿੱਚ ਉਮਰਕੋਟ ਦੇ ਪਿੰਡ ਤੱਲ੍ਹੋ ਮੱਲ੍ਹੋ ਦੇ ਰਹਿਣ ਵਾਲੇ ਵੀਰੋ ਕੋਲਹੀਆ ਨੇ ਦੱਸਿਆ ਕਿ ਉਸ ਦੀ ਨਾਬਾਲਗ ਲੜਕੀ ਨੂੰ ਉਸ ਦੇ ਪਿੰਡ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਨੇ ਨਸ਼ੀਲਾ ਪਦਾਰਥ ਪਿਲਾ ਕੇ ਅਗਵਾ ਕਰ ਲਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਵਾਰ-ਵਾਰ ਮਿੰਨਤਾਂ ਕਰਨ ਦੇ ਬਾਵਜੂਦ ਪੁਲੀਸ ਨੇ ਗੁੰਮਸ਼ੁਦਗੀ ਦਾ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਮਾਰਚ 2023 ਵਿੱਚ ਨਾਬਾਲਗ ਹਿੰਦੂ ਕੁੜੀਆਂ ਦੇ ਅਗਵਾ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਦੇ ਤਿੰਨ ਹੋਰ ਮਾਮਲੇ ਸਾਹਮਣੇ ਆਏ ਸਨ। ਇਸ ਦੌਰਾਨ ਸੋਮਵਾਰ ਨੂੰ ਪਾਕਿਸਤਾਨ ਦੇ ਸਿੰਧ ਅਤੇ ਪੰਜਾਬ ਪ੍ਰਾਂਤਾਂ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 100 ਤੋਂ ਵੱਧ ਸਮਾਜਿਕ ਕਾਰਕੁਨਾਂ ਨੇ ਕਰਾਚੀ ਵਿੱਚ ਘੱਟਗਿਣਤੀਆਂ, ਖਾਸ ਤੌਰ ‘ਤੇ ਹਿੰਦੂ ਭਾਈਚਾਰੇ ਦੀਆਂ ਨਾਬਾਲਗ ਲੜਕੀਆਂ ਦੇ ਅਗਵਾ ਅਤੇ ਜਬਰੀ ਧਰਮ ਪਰਿਵਰਤਨ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ।