ਤਲ ਅਵੀਵ, 16 ਮਾਰਚ
ਇਜ਼ਰਾਈਲ ‘ਚ ਨਿਆਂਇਕ ਪ੍ਰਣਾਲੀ ‘ਚ ਤਬਦੀਲੀ ਕਰਨ ਦੀਆਂ ਯੋਜਨਾਵਾਂ ਕਾਰਨ ਬਣੀ ਖੜੌਤ ਦੂਰ ਕਰਨ ਲਈ ਇੱਕ ਸਮਝੌਤੇ ਦੀ ਤਜਵੀਜ਼ ਨੂੰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਠੁਕਰਾਏ ਜਾਣ ਮਗਰੋਂ ਦੇਸ਼ ਦੇ ਕਈ ਸ਼ਹਿਰਾਂ ‘ਚ ਅੱਜ ਰੋਸ ਮੁਜ਼ਾਹਰੇ ਹੋਰ ਤੇਜ਼ ਹੋ ਗਏ ਹਨ। ਰਾਸ਼ਟਰਪਤੀ ਇਸਹਾਕ ਹਰਜ਼ੋਗ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਾਮਲਾ ਸੁਲਝਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਲੋਕਾਂ ਵੱਲੋਂ ਕੀਤੇ ਜਾ ਰਹੇ ਰੋਸ ਮੁਜ਼ਾਹਰਿਆਂ ਤੇ ਹਰਜ਼ੋਗ ਦੀਆਂ ਚਿਤਾਵਨੀਆਂ ਦੇ ਬਾਵਜੂਦ ਨੇਤਨਯਾਹੂ ਤੇ ਉਨ੍ਹਾਂ ਦੇ ਸਹਿਯੋਗੀ ਆਪਣੀ ਮੂਲ ਯੋਜਨਾ ਅਨੁਸਾਰ ਅੱਗੇ ਵਧਣ ਲਈ ਤਿਆਰ ਹਨ। ਲੋਕਾਂ ਵੱਲੋਂ ਲਗਾਤਾਰ ਤੀਜੇ ਦਿਨ ਰੋਸ ਮੁਜ਼ਾਹਰੇ ਕੀਤੇ ਗਏ ਹਨ।
ਯੇਰੂਸ਼ਲੱਮ ‘ਚ ਮੁਜ਼ਾਹਰਾਕਾਰੀਆਂ ਨੇ ਸੁਪਰੀਮ ਕੋਰਟ ਵੱਲ ਜਾਣ ਵਾਲੀਆਂ ਸੜਕਾਂ ‘ਤੇ ਰੋਸ ਵਜੋਂ ਲਾਲ ਤੇ ਗੁਲਾਬੀ ਲਕੀਰਾਂ ਖਿੱਚ ਦਿੱਤੀਆਂ ਅਤੇ ਦੂਜੇ ਪਾਸੇ ਹਾਈਫਾ ਸ਼ਹਿਰ ‘ਚ ਸਮੁੰਦਰੀ ਤੱਟ ‘ਤੇ ਕਿਸ਼ਤੀਆਂ ਦੇ ਇੱਕ ਕਾਫਲੇ ਵੱਲੋਂ ਜਹਾਜ਼ਾਂ ਦਾ ਰਾਹ ਰੋਕਦੇ ਦੇਖਿਆ ਗਿਆ। ਮੁਜ਼ਾਹਰਾਕਾਰੀਆਂ ਵੱਲੋਂ ਕਈ ਸ਼ਹਿਰਾਂ ‘ਚ ਸੜਕਾਂ ਵੀ ਜਾਮ ਕੀਤੀਆਂ ਗਈਆਂ ਹਨ। ਇੱਕ ਮੁਜ਼ਾਹਰਾਕਾਰੀ ਨੇ ਕਿਹਾ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਵਿਧਾਨ ਸਭਾ ‘ਚ ਬਿੱਲ ਲਿਆ ਕੇ ਸਾਰੀਆਂ ਤਾਕਤਾਂ ਕਾਰਜ ਪਾਲਿਕਾ ਨੂੰ ਸੌਂਪਣ ਦੀਆਂ ਤਿਆਰੀਆਂ ਕਰ ਰਹੀ ਹੈ ਅਤੇ ਸਾਰੀਆਂ ਤਾਕਤਾਂ ਕਾਰਜ ਪਾਲਿਕਾ ਹਵਾਲੇ ਕਰਨਾ ਤਾਨਾਸ਼ਾਹੀ ਦੀ ਤਰ੍ਹਾਂ ਹੈ।
ਪਿਛਲੇ ਹਫ਼ਤੇ ਵੀ ਮੁਜ਼ਾਹਰਾਕਾਰੀਆਂ ਨੇ ਦੇਸ਼ ਦੇ ਮੁੱਖ ਕੌਮਾਂਤਰੀ ਹਵਾਈ ਅੱਡੇ ਨੂੰ ਜਾਣ ਵਾਲੀ ਸੜਕ ਬੰਦ ਕਰ ਦਿੱਤੀ ਸੀ ਜਿਸ ਕਾਰਨ ਇਟਲੀ ਦੀ ਅਧਿਕਾਰਤ ਯਾਤਰਾ ‘ਤੇ ਜਾ ਰਹੇ ਨੇਤਨਯਾਹੂ ਨੂੰ ਹੈਲੀਕਾਪਟਰ ਰਾਹੀਂ ਹਵਾਈ ਅੱਡੇ ਪਹੁੰਚਣਾ ਪਿਆ ਸੀ। -ਏਪੀ