ਇਸਲਾਮਾਬਾਦ, 18 ਮਾਰਚ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ਤੋਸ਼ਾਖਾਨਾ ਕੇਸ ਦੀ ਸੁਣਵਾਈ ਇੱਥੇ ਅਦਾਲਤ ਵਿੱਚ ਮੁੜ ਹੋ ਰਹੀ ਹੈ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦੇ 70 ਸਾਲਾ ਮੁਖੀ ਖਾਨ ਉਸ ਅੱਗੇ ਪੇਸ਼ ਹੋਣ ਲਈ ਆਪਣੇ ਕਾਫਿਲੇ ਨਾਲ ਨਿਕਲ ਗਏ ਹਨ। ਇਸਲਾਮਾਬਾਦ ਦੇ ਜੀ-11 ਸਥਿਤ ਨਿਆਂਇਕ ਕੰਪਲੈਕਸ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ, ਜਿੱਥੇ ਇਮਰਾਨ ਦੇ ਦੁਪਹਿਰ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਖਾਨ ਦੀ ਸੁਰੱਖਿਆ ਲਈ ਪੁਲੀਸ ਦੀ ਵੱਡੀ ਟੁਕੜੀ ਇਲਾਕੇ ਵਿੱਚ ਤਾਇਨਾਤ ਕੀਤੀ ਗਈ ਹੈ। ਇਸਲਾਮਾਬਾਦ ਪ੍ਰਸ਼ਾਸਨ ਨੇ ਸ਼ੁੱਕਰਵਾਰ ਰਾਤ ਨੂੰ ਰਾਜਧਾਨੀ ਵਿੱਚ ਧਾਰਾ 144 ਲਾਗੂ ਕਰ ਦਿੱਤੀ, ਜਿਸ ਵਿੱਚ ਨਿੱਜੀ ਕੰਪਨੀਆਂ, ਸੁਰੱਖਿਆ ਗਾਰਡਾਂ ਜਾਂ ਵਿਅਕਤੀਆਂ ਨੂੰ ਹਥਿਆਰ ਲੈ ਕੇ ਜਾਣ ਤੋਂ ਰੋਕਿਆ ਗਿਆ। ਡਰਾਈਵਰਾਂ ਲਈ ਵਾਹਨ ਚਲਾਉਂਦੇ ਸਮੇਂ ਆਪਣੇ ਵਾਹਨ ਦੇ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਨੂੰ ਨਾਲ ਰੱਖਣਾ ਲਾਜ਼ਮੀ ਹੈ।