ਕਾਠਮੰਡੂ, 17 ਮਾਰਚ
ਰਾਮਸਹਾਏ ਯਾਦਵ ਨੇਪਾਲ ਦੇ ਤੀਜੇ ਉਪ ਰਾਸ਼ਟਰਪਤੀ ਵਜੋਂ ਚੁਣੇ ਗਏ ਹਨ। ਨੇਪਾਲ ਦੇ ਸੱਤਾਧਾਰੀ ਗੱਠਜੋੜ ਨੂੰ ਸਮਰਥਨ ਦੇਣ ਵਾਲੇ ਉਮੀਦਵਾਰ ਯਾਦਵ ਨੇ ਸੀਪੀਐਨ-ਯੂਐਮਐਲ ਦੀ ਉਮੀਦਵਾਰ ਅਸ਼ਟਾ ਲਕਸ਼ਮੀ ਸ਼ਕਿਆ ਅਤੇ ਜਨਮਤ ਪਾਰਟੀ ਦੀ ਮਮਤਾ ਝਾਅ ਨੂੰ ਮਾਤ ਦਿੱਤੀ ਹੈ। ਕਾਠਮੰਡੂ ਅਖਬਾਰ ਦੀ ਖਬਰ ਮੁਤਾਬਿਕ ਜਨਤਾ ਪਾਰਟੀ ਨਾਲ ਸਬੰਧਿਤ ਯਾਦਵ (52) ਨੇ 30,328 ਵੋਟਾਂ ਹਾਸਲ ਕੀਤੀਆਂ। ਇਨ੍ਹਾਂ ਵਿੱਚੋਂ 184 ਵੋਟਾਂ ਸੰਘੀ ਅਤੇ 329 ਸੂਬਾਈ ਕਾਨੂੰਨਘਾੜਿਆਂ ਦੀ ਸ਼ਾਮਲ ਹਨ। ਖਬਰ ਮੁਤਾਬਕ ਚੋਣ ਕਮਿਸ਼ਨ ਨੇ ਅਧਿਕਾਰਿਤ ਤੌਰ ‘ਤੇ ਅਜੇ ਨਤੀਜਿਆਂ ਦਾ ਐਲਾਨ ਨਹੀਂ ਕੀਤਾ। ਉਨ੍ਹਾਂ ਦੀ ਆਪਣੀ ਪਾਰਟੀ ਤੋਂ ਇਲਾਵਾ ਨੇਪਾਲ ਕਾਂਗਰਸ, ਸੀਪੀਐਨ ਮਾਓਇਸਟ ਸੈਂਟਰ ਤੇ ਸੀਪੀਐਨ ਯੂਨੀਫਾਈਡ ਸੋਸ਼ਲਿਸਟ ਨੇ ਉਨ੍ਹਾਂ ਦੇ ਹੱਕ ਵਿੱਚ ਵੋਟ ਪਾਈ। ਜ਼ਿਕਰਯੋਗ ਹੈ ਕਿ ਮਧੇਸੀ ਆਗੂ ਯਾਦਵ, ਨੰਦਾ ਬਹਾਦੁਰ ਦੀ ਥਾਂ ਲੈਣਗੇ। ਨੇਪਾਲ ਦੇ ਦੱਖਣੀ ਤਰਾਈ ਖੇਤਰ ਵਿੱਚ ਵੱਸਦਾ ਮਧੇਸੀ ਭਾਈਚਾਰਾ ਜ਼ਿਆਦਾਤਰ ਭਾਰਤੀ ਮੂਲ ਦਾ ਹੈ। -ਪੀਟੀਆਈ
ਮੁਰਮੂ ਵੱਲੋਂ ਪੌਡੇਲ ਨੂੰ ਵਧਾਈ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਪਣੇ ਨੇਪਾਲੀ ਹਮਰੁਤਬਾ ਰਾਮ ਚੰਦਰ ਪੌਡੇਲ ਨੂੰ ਸਿਖਰਲੇ ਅਹੁਦਾ ਦਾ ਚਾਰਜ ਸੰਭਾਲਣ ‘ਤੇ ਵਧਾਈ ਦਿੱਤੀ। -ਪੀਟੀਆਈ