ਜੌਹੈੱਨਸਬਰਗ, 4 ਜਨਵਰੀ
ਤੇਜ਼ ਗੇਂਦਬਾਜ਼ ਸ਼ਰਦੁਲ ਠਾਕੁਰ ਵੱਲੋਂ ਲਈਆਂ ਸੱਤ ਵਿਕਟਾਂ ਦੀ ਬਦੌਲਤ ਭਾਰਤ ਨੇ ਅੱਜ ਦੱਖਣੀ ਅਫਰੀਕਾ ਖਿਲਾਫ਼ ਦੂਜੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਮੇਜ਼ਬਾਨ ਟੀਮ ਨੂੰ ਪਹਿਲੀ ਪਾਰੀ ਵਿੱਚ ਵੱਡੀ ਬੜਤ ਲੈਣ ਤੋਂ ਡੱਕਦਿਆਂ ਮੈਚ ਵਿੱਚ ਵਾਪਸੀ ਕੀਤੀ ਹੈ। ਠਾਕੁਰ ਦਾ ਆਪਣੇ ਟੈਸਟ ਕਰੀਅਰ ਦਾ ਇਹ ਸਰਵੋਤਮ ਪ੍ਰਦਰਸ਼ਨ ਹੈ। ਭਾਰਤ ਦੀਆਂ 202 ਦੌੜਾਂ ਦੇ ਜਵਾਬ ਵਿੱਚ ਮੇਜ਼ਬਾਨ ਟੀਮ ਨੇ ਆਪਣੀ ਪਹਿਲੀ ਪਾਰੀ ਵਿੱਚ 229 ਦੌੜਾਂ ਬਣਾਈਆਂ ਤੇ ਟੀਮ ਨੂੰ 27 ਦੌੜਾਂ ਦੀ ਲੀਡ ਮਿਲੀ। ਠਾਕੁਰ ਨੇ 17.5 ਓਵਰਾਂ ਵਿੱਚ 61 ਦੌੜਾਂ ਬਦਲੇ ਸੱਤ ਦੱਖਣ ਅਫਰੀਕੀ ਖਿਡਾਰੀਆਂ ਨੂੰ ਆਊਟ ਕੀਤਾ। ਭਾਰਤ ਨੇ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਮੌਕੇ ਦੋ ਵਿਕਟਾਂ ਦੇ ਨੁਕਸਾਨ ਨਾਲ 85 ਦੌੜਾਂ ਬਣਾ ਲਈਆਂ ਸਨ ਤੇ ਟੀਮ ਕੋਲ 58 ਦੌੜਾਂ ਦੀ ਲੀਡ ਸੀ। ਚੇਤੇਸ਼ਵਰ ਪੁਜਾਰਾ 42 ਗੇਂਦਾਂ ਵਿੱਚ 35 ਤੇ ਅਜਿੰਕਿਆ ਰਹਾਣੇ 22 ਗੇਂਦਾਂ ਵਿੱਚ 11 ਦੌੜਾਂ ਨਾਲ ਨਾਬਾਦ ਹਨ। ਕਪਤਾਨ ਲੋਕੇਸ਼ ਰਾਹੁਲ ਨੇ 8 ਤੇ ਮਯੰਕ ਅਗਰਵਾਲ ਨੇ 23 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਕੀਗਨ ਪੀਟਰਸਨ ਨੇ ਸਭ ਤੋਂ ਵਧ 62 ਦੌੜਾਂ ਬਣਾਈਆਂ। -ਪੀਟੀਆਈ