ਲੰਡਨ, 20 ਮਾਰਚ
ਇੱਥੇ ਸਥਿਤ ਭਾਰਤੀ ਹਾਈ ਕਮਿਸ਼ਨ ‘ਤੇ ਖਾਲਿਸਤਾਨੀ ਸਮਰਥਕਾਂ ਵੱਲੋਂ ਕੀਤੀ ਗਈ ਭੰਨ-ਤੋੜ ਦੀ ਘਟਨਾ ਤੋਂ ਬਾਅਦ ਬਰਤਾਨੀਆ ਦੇ ਚੋਟੀ ਦੇ ਅਧਿਕਾਰੀਆਂ ਨੇ ਅੱਜ ਕਿਹਾ ਕਿ ਯੂਕੇ ਵਿਚਲੇ ਭਾਰਤੀ ਹਾਈ ਕਮਿਸ਼ਨ ਦੀ ਸੁਰੱਖਿਆ ਨੂੰ ‘ਗੰਭੀਰਤਾ’ ਨਾਲ ਲਿਆ ਜਾਵੇਗਾ।
ਉਨ੍ਹਾਂ ਇਸ ਘਟਨਾ ਨੂੰ ‘ਬਰਦਾਸ਼ਤ ਤੋਂ ਬਾਹਰ’ ਕਰਾਰ ਦਿੱਤਾ ਹੈ ਤੇ ਸਕਾਟਲੈਂਡ ਯਾਰਡ ਪੁਲੀਸ ਵੱਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਹਾਈ ਕਮਿਸ਼ਨ ਉਤੇ ਲੱਗੇ ਤਿਰੰਗੇ ਨੂੰ ਐਤਵਾਰ ਖਾਲਿਸਤਾਨ ਪੱਖੀ ਮੁਜ਼ਾਹਰਾਕਾਰੀਆਂ ਵੱਲੋਂ ਲਾਹ ਦਿੱਤਾ ਗਿਆ ਸੀ। ਉਨ੍ਹਾਂ ਖਾਲਿਸਤਾਨ ਦੇ ਝੰਡੇ ਫੜੇ ਹੋਏ ਸਨ ਤੇ ਉਹ ਨਾਅਰੇਬਾਜ਼ੀ ਕਰ ਰਹੇ ਸਨ। ਅਧਿਕਾਰੀਆਂ ਨੇ ਕਿਹਾ ਕਿ ‘ਹਮਲੇ ਦਾ ਨਾਕਾਮ ਯਤਨ ਹੋਇਆ ਹੈ’ ਤੇ ਇਸ ਨੂੰ ਰੋਕਿਆ ਗਿਆ ਹੈ ਅਤੇ ਤਿਰੰਗਾ ਹੁਣ ‘ਸ਼ਾਨ’ ਨਾਲ ਲਹਿਰਾ ਰਿਹਾ ਹੈ।
ਪਹਿਲਾਂ ਨਾਲੋਂ ਵੀ ਵੱਡਾ ਤਿਰੰਗਾ ਹੁਣ ‘ਇੰਡੀਆ ਹਾਊਸ’ ‘ਤੇ ਲਹਿਰਾ ਰਿਹਾ ਹੈ। ਮੈਟਰੋਪੌਲਿਟਨ ਪੁਲੀਸ ਨੇ ਕਿਹਾ ਕਿ ਸੁਰੱਖਿਆ ਸਟਾਫ਼ ਦੇ ਦੋ ਮੈਂਬਰਾਂ ਦੇ ਹਲਕੀਆਂ ਸੱਟਾਂ ਲੱਗੀਆਂ ਹਨ, ਜਿਸ ਲਈ ਹਸਪਤਾਲ ਲਿਜਾਣ ਦੀ ਲੋੜ ਨਹੀਂ ਪਈ। ਹਿੰਸਕ ਗੜਬੜੀ ਦੇ ਸ਼ੱਕ ਤੋਂ ਬਾਅਦ ਮਾਮਲੇ ਦੀ ਜਾਂਚ ਆਰੰਭੀ ਗਈ ਹੈ। ਵਿਦੇਸ਼ ਵਿਭਾਗ ਦੇ ਮੰਤਰੀ ਲਾਰਡ ਤਾਰਿਕ ਅਹਿਮਦ ਨੇ ਟਵੀਟ ਕੀਤਾ ਕਿ ਉਹ ਇਸ ਹਮਲਾਵਰ ਘਟਨਾ ਤੋਂ ‘ਹੈਰਾਨ’ ਹਨ ਤੇ ਬਰਤਾਨੀਆ ਸਰਕਾਰ ਹਮੇਸ਼ਾ ਮਿਸ਼ਨ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਂਦੀ ਹੈ।
ਉਨ੍ਹਾਂ ਕਿਹਾ ਕਿ ਮਿਸ਼ਨ ਤੇ ਇਸ ਦੇ ਸਟਾਫ਼ ਖ਼ਿਲਾਫ਼ ਕੀਤੀ ਗਈ ਇਸ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਘਟਨਾ ‘ਤੇ ਪ੍ਰਤੀਕਿਰਿਆ ਦਿੰਦਿਆਂ ਲੰਡਨ ਦੇ ਮੇਅਰ ਸਾਦਿਕ ਖਾਨ ਨੇ ਵੀ ਇਸ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲੰਡਨ ਵਿਚ ਇਸ ਤਰ੍ਹਾਂ ਦੇ ਰਵੱਈਏ ਲਈ ਕੋਈ ਥਾਂ ਨਹੀਂ ਹੈ। ਭਾਰਤ ਵਿਚ ਬਰਤਾਨਵੀ ਹਾਈ ਕਮਿਸ਼ਨਰ ਐਲੈਕਸ ਐਲਿਸ ਨੇ ਘਟਨਾ ਨੂੰ ‘ਸ਼ਰਮਨਾਕ’ ਤੇ ‘ਬਰਦਾਸ਼ਤ ਤੋਂ ਬਾਹਰ ਕਰਾਰ’ ਦਿੱਤਾ। ਸਕਾਟਲੈਂਡ ਯਾਰਡ ਮੁਤਾਬਕ ਹਾਈ ਕਮਿਸ਼ਨ ਦੀ ਇਮਾਰਤ ਦੀਆਂ ਖਿੜਕੀਆਂ ਤੋੜੀਆਂ ਗਈਆਂ ਹਨ। ਬਿਆਨ ਵਿਚ ਪੁਲੀਸ ਨੇ ਕਿਹਾ ਕਿ ਅਧਿਕਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਘਟਨਾ ਸਥਾਨ ‘ਤੇ ਹਾਜ਼ਰ ਜ਼ਿਆਦਾਤਰ ਵਿਅਕਤੀ ਖਿੰਡ ਗਏ ਸਨ। ਸ਼ੱਕ ਦੇ ਆਧਾਰ ‘ਤੇ ਨੇੜਿਓਂ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। -ਪੀਟੀਆਈ
ਯੂਕੇ ਵਿਚਲੇ ਭਾਰਤੀ ਭਾਈਚਾਰੇ ਵੱਲੋਂ ਘਟਨਾ ਦੀ ਨਿਖੇਧੀ
ਲੰਡਨ: ਯੂਕੇ ਵਿਚਲੇ ਭਾਰਤੀ ਭਾਈਚਾਰੇ ਨੇ ਵੀ ਘਟਨਾ ਦੀ ਨਿਖੇਧੀ ਕੀਤੀ ਹੈ। ਕਈ ਗੁਰਦੁਆਰਿਆਂ ਦੇ ਬਿਆਨ ਵੀ ਸਾਹਮਣੇ ਆਏ ਹਨ। ਪੂਰੇ ਯੂਕੇ ਦੇ ਬਰਤਾਨਵੀ ਸਿੱਖ ਆਗੂਆਂ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਹਰ ਕਿਸੇ ਨੂੰ ਸ਼ਾਂਤੀਪੂਰਨ ਰੋਸ ਮੁਜ਼ਾਹਰਿਆਂ ਦਾ ਹੱਕ ਹੈ, ਪਰ ਭਾਰਤੀ ਹਾਈ ਕਮਿਸ਼ਨ ਖ਼ਿਲਾਫ਼ ਹਿੰਸਾ ਜਾਂ ਧਮਕਾਉਣ ਦੀ ਕਾਰਵਾਈ ਬਰਦਾਸ਼ਤ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਧੱਕੇ ਨਾਲ ਤਿਰੰਗਾ ਉਤਾਰਨ ਦੀ ਕਾਰਵਾਈ ਨਿਖੇਧੀਯੋਗ ਹੈ ਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸ੍ਰੀ ਗੁਰੂ ਰਵਿਦਾਸ ਸਭਾ ਬੈੱਡਫੋਰਡ ਤੇ ਰਾਮਗੜ੍ਹੀਆ ਸਿੱਖ ਸੁਸਾਇਟੀ ਬੈੱਡਫੋਰਡ ਦੇ ਨੁਮਾਇੰਦਿਆਂ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਕੁਝ ਹਾਸਲ ਨਹੀਂ ਹੋਵੇਗਾ, ਸਗੋਂ ਭਾਰਤ-ਯੂਕੇ ਦੇ ਰਿਸ਼ਤੇ ਖ਼ਰਾਬ ਹੋਣਗੇ, ਭਾਈਚਾਰਿਆਂ ਵਿਚਾਲੇ ਕੁੜੱਤਣ ਪੈਦਾ ਹੋਵੇਗੀ। ‘ਇੰਡੀਅਨ ਨੈਸ਼ਨਲ ਸਟੂਡੈਂਟਸ ਐਸੋਸੀਏਸ਼ਨ’ ਯੂਕੇ ਨੇ ਵੀ ਘਟਨਾ ‘ਤੇ ਫਿਕਰ ਜ਼ਾਹਿਰ ਕੀਤਾ। -ਪੀਟੀਆਈ
ਬਰਤਾਨਵੀ ਸਰਕਾਰ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਲੰਡਨ ‘ਚ ਭਾਰਤੀ ਹਾਈ ਕਮਿਸ਼ਨ ‘ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ। ਪਾਰਟੀ ਨੇ ਕਿਹਾ ਕਿ ਬਰਤਾਨਵੀ ਸਰਕਾਰ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਆਪਣੀ ‘ਬੁਨਿਆਦੀ ਜ਼ਿੰਮੇਵਾਰੀ ਨਿਭਾਉਣ ਵਿਚ ਬੁਰੀ ਤਰ੍ਹਾਂ ਨਾਕਾਮ’ ਹੋ ਗਈ ਹੈ। ਪਾਰਟੀ ਨੇ ਕਿਹਾ ਕਿ ਖਾਲਿਸਤਾਨੀ ਪੱਖੀਆਂ ਵੱਲੋਂ ਹਾਈ ਕਮਿਸ਼ਨ ਤੋਂ ਝੰਡਾ ਉਤਾਰਨਾ ਨਿਖੇਧੀਯੋਗ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਘਟਨਾ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਖਾਲਿਸਤਾਨ ਪੱਖੀਆਂ ਵੱਲੋਂ ਕੀਤੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ, ਘੱਟ ਹੋਵੇਗੀ। -ਪੀਟੀਆਈ
ਭਾਰਤ ਨੇ ਹਾਈ ਕਮਿਸ਼ਨ ਦੀ ਸੁਰੱਖਿਆ ਬਾਰੇ ਬਰਤਾਨੀਆ ਕੋਲ ਸਖ਼ਤ ਰੋਸ ਜ਼ਾਹਿਰ ਕੀਤਾ
ਨਵੀਂ ਦਿੱਲੀ: ਭਾਰਤ ਨੇ ਬਰਤਾਨੀਆ ਦੀ ਸਰਕਾਰ ਕੋਲ ਘਟਨਾ ‘ਤੇ ਸਖ਼ਤ ਰੋਸ ਜ਼ਾਹਿਰ ਕੀਤਾ ਹੈ। ਭਾਰਤੀ ਅਧਿਕਾਰੀਆਂ ਨੇ ਕੂਟਨੀਤਕ ਮਿਸ਼ਨ ਦੀ ਸੁਰੱਖਿਆ ‘ਤੇ ਸਵਾਲ ਉਠਾਏ ਹਨ। ਜ਼ਿਕਰਯੋਗ ਹੈ ਕਿ ਭਾਰਤ ਨੇ ਐਤਵਾਰ ਰਾਤ ਇਸ ਘਟਨਾ ‘ਤੇ ਬਰਤਾਨੀਆ ਦੇ ਭਾਰਤ ਵਿਚਲੇ ਸੀਨੀਅਰ ਰਾਜਦੂਤ ਨੂੰ ਤਲਬ ਕੀਤਾ ਸੀ। ਭਾਰਤ ਨੇ ਡਿਪਟੀ ਹਾਈ ਕਮਿਸ਼ਨਰ ਕੋਲ ‘ਸੁਰੱਖਿਆ ਦੀ ਸੰਪੂਰਨ ਗੈਰ-ਮੌਜੂਦਗੀ’ ਬਾਰੇ ਸਪੱਸ਼ਟੀਕਰਨ ਮੰਗਿਆ ਸੀ। ਖਾਲਿਸਤਾਨੀ ਸਮਰਥਕਾਂ ਵੱਲੋਂ ਕੈਨੇਡਾ ਤੇ ਆਸਟਰੇਲੀਆ ਵਿਚ ਵੀ ਅਜਿਹੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ। ਪਿਛਲੇ ਹਫ਼ਤੇ ਆਸਟਰੇਲੀਆ ਦੇ ਬ੍ਰਿਸਬਨ ਸਥਿਤ ਭਾਰਤੀ ਦੂਤਾਵਾਸ ਨੂੰ ਉਸ ਵੇਲੇ ਬੰਦ ਕਰਨਾ ਪਿਆ ਸੀ ਜਦ ਖਾਲਿਸਤਾਨੀ ਸਮਰਥਕਾਂ ਨੇ ਇਕ ਅਣਅਧਿਕਾਰਤ ਇਕੱਠ ਕਰ ਕੇ ਦਫ਼ਤਰ ਨੂੰ ਜਾਂਦਾ ਰਾਹ ਬੰਦ ਕਰ ਦਿੱਤਾ ਸੀ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਭਾਰਤ ਨੂੰ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਦੀ ਸਰਕਾਰ ‘ਕੱਟੜ ਕਾਰਵਾਈਆਂ’ ਬਰਦਾਸ਼ਤ ਨਹੀਂ ਕਰੇਗੀ। ਆਸਟਰੇਲੀਆ ਦੇ ਨਾਲ ਕੈਨੇਡਾ ਵਿਚ ਵੀ ਕਈ ਹਿੰਦੂ ਮੰਦਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਇਸੇ ਦੌਰਾਨ ਸੀਨੀਅਰ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਅੱਜ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਮਿਸ਼ਨਾਂ ਦੀ ਸੁਰੱਖਿਆ ਬਾਰੇ ਸਾਰੇ ਮੁਲਕਾਂ ਨਾਲ ਗੱਲ ਕਰਨ ਤਾਂ ਜੋ ਯੂਕੇ ਵਰਗੀ ਘਟਨਾ ਦੁਬਾਰਾ ਨਾ ਵਾਪਰੇ। ਥਰੂਰ ਨੇ ਆਸਟਰੇਲੀਆ ਤੇ ਕੈਨੇਡਾ ਵਿਚ ਵਾਪਰੀਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ। ਹਾਈ ਕਮਿਸ਼ਨ ਵਿਚ ਵਾਪਰੀ ਘਟਨਾ ਤੋਂ ਬਾਅਦ ਇਮਾਰਤ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਭਾਰਤ ਦੇ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਅੱਜ ਕਿਹਾ ਕਿ ਉਨ੍ਹਾਂ ਝੰਡਾ ਉਤਾਰਨ ਦੇ ਮਾਮਲੇ ਵਿਚ ਯੂਕੇ ਨੂੰ ਤੁਰੰਤ ਗ੍ਰਿਫ਼ਤਾਰੀ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਸਖਤ ਵਿਰੋਧ ਦਰਜ ਕਰਵਾਇਆ ਅਤੇ ਬਰਤਾਨਵੀ ਅਧਿਕਾਰੀਆਂ ਨੂੰ ਭਾਰਤੀ ਹਾਈ ਕਮਿਸ਼ਨ ‘ਤੇ ਲੋੜੀਂਦੀ ਸੁਰੱਖਿਆ ਵਧਾਉਣ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ। ਕਵਾਤਰਾ ਨੇ ਇੱਕ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਗਿਆ ਹੈ ਅਤੇ ਭਾਰਤ ਨੇ ਮੰਗ ਕੀਤੀ ਹੈ ਕਿ ਘਟਨਾ ਸਬੰਧੀ ਸਖ਼ਤ ਨੋਟਿਸ ਲੈਂਦਿਆਂ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। -ਪੀਟੀਆਈ