ਚੇਨੱਈ, 22 ਮਾਰਚ
ਆਸਟਰੇਲੀਆ ਨੇ ਅੱਜ ਇੱਥੇ ਤੀਜੇ ਤੇ ਆਖ਼ਰੀ ਮੁਕਾਬਲੇ ਵਿੱਚ ਮੇਜ਼ਬਾਨ ਭਾਰਤ ਨੂੰ 21 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ 2-1 ਨਾਲ ਆਪਣੇ ਨਾਮ ਕਰ ਲਈ। ਭਾਰਤ ਨੇ ਮੁੰਬਈ ਵਿੱਚ ਮਹਿਮਾਨ ਟੀਮ ਨੂੰ ਪੰਜ ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਉਸ ਨੂੰ ਲਗਾਤਾਰ ਦੋ ਹਾਰਾਂ ਦਾ ਸਾਹਮਣਾ ਕਰਨਾ ਪਿਆ। ਮੇਜ਼ਬਾਨ ਟੀਮ ਦੇ ਹੱਥ ਵਿੱਚੋਂ ਇੱਕ ਰੋਜ਼ਾ ਲੜੀ ਖਿਸਕਣ ਦੇ ਨਾਲ ਹੀ ਇਸ ਦੀਆਂ ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਧੱਕਾ ਲੱਗਿਆ ਹੈ। ਇਸ ਤੋਂ ਸੰਕੇਤ ਜਾਂਦਾ ਹੈ ਕਿ ਭਾਰਤ ਇਹ ਵੱਡਾ ਟੂਰਨਾਮੈਂਟ ਖੇਡਣ ਲਈ ਤਿਆਰ ਨਹੀਂ ਹੈ ਅਤੇ ਉਸ ਨੂੰ ਆਪਣੀਆਂ ਕਮਜੋਰੀਆਂ ‘ਤੇ ਕੰਮ ਕਰਨ ਦੀ ਲੋੜ ਹੈ। ਇਸ ਤੋਂ ਪਹਿਲਾਂ ਆਸਟਰੇਲੀਆ ਦੀ ਪੂਰੀ ਟੀਮ 49 ਓਵਰਾਂ ਵਿੱਚ 269 ਦੌੜਾਂ ਬਣਾ ਕੇ ਆਊਟ ਹੋ ਗਈ ਸੀ। ਆਸਟਰੇਲੀਆ ਲਈ ਮਿਸ਼ੇਲ ਮਾਰਸ਼ ਨੇ ਸਭ ਤੋਂ ਵੱਧ 47 ਦੌੜਾਂ ਬਣਾਈਆਂ, ਜਦਕਿ ਐਲੇਕਸ ਕੈਰੀ ਨੇ 38 ਅਤੇ ਟਰੈਵਿਸ ਹੈੱਡ ਨੇ 33 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤ ਲਈ ਹਰਫ਼ਨਮੌਲਾ ਹਾਰਦਿਕ ਪਾਂਡਿਆ ਨੇ (44 ਦੌੜਾਂ ਦੇ ਕੇ) ਅਤੇ ਸਪਿੰਨਰ ਕੁਲਦੀਪ ਯਾਦਵ ਨੇ (56 ਦੌੜਾਂ ਦੇ ਕੇ) ਤਿੰਨ-ਤਿੰਨ ਵਿਕਟਾਂ ਲਈਆਂ, ਜਦੋਂਕਿ ਅਕਸ਼ਰ ਪਟੇਲ ਅਤੇ ਮੁਹੰਮਦ ਸਿਰਾਜ ਨੂੰ ਦੋ-ਦੋ ਵਿਕਟਾਂ ਹਾਸਲ ਹੋਈਆਂ। ਭਾਰਤੀ ਬੱਲੇਬਾਜ਼ੀ ਆਸਟਰੇਲਿਆਈ ਗੇਂਦਬਾਜ਼ਾਂ ਦੇ ਦਬਾਅ ਵਿੱਚ ਆ ਗਈ ਅਤੇ 49.1 ਓਵਰਾਂ ਵਿੱਚ 248 ਦੌੜਾਂ ‘ਤੇ ਸਿਮਟ ਗਈ। ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦਾ 54 ਦੌੜਾਂ ਦਾ ਅਰਧ ਸੈਂਕੜਾ ਵੀ ਭਾਰਤ ਨੂੰ ਹਾਰ ਤੋਂ ਨਹੀਂ ਬਚਾਅ ਸਕਿਆ। -ਪੀਟੀਆਈ