ਪੇਈਚਿੰਗ/ਕੀਵ/ਵਾਰਸਾ/ਮਾਸਕੋ, 22 ਮਾਰਚ
ਚੀਨ ਨੇ ਅੱਜ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਰੂਸ ਦੌਰੇ ਨੂੰ ‘ਦੋਸਤੀ, ਤਾਲਮੇਲ ਤੇ ਸ਼ਾਂਤੀ’ ਦਾ ਸੁਮੇਲ ਦੱਸਿਆ ਹੈ। ਉਨ੍ਹਾਂ ਯੂਕਰੇਨ ਨੂੰ ਫ਼ੌਜੀ ਮਦਦ ਦੇਣ ਲਈ ਮੁੜ ਅਮਰੀਕਾ ਦੀ ਨਿਖੇਧੀ ਕੀਤੀ ਹੈ। ਜਿਨਪਿੰਗ ਦੇ ਅੱਜ ਮੁਕੰਮਲ ਹੋਏ ਦੌਰੇ ਤੋਂ ਬਾਅਦ ਵੀ ਰੂਸ-ਯੂਕਰੇਨ ਵਿਚਾਲੇ ਜਾਰੀ ਟਕਰਾਅ ਖ਼ਤਮ ਹੋਣ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਸ਼ੀ ਜਿਨਪਿੰਗ ਅੱਜ ਸੁਵੱਖਤੇ ਚੀਨ ਲਈ ਰਵਾਨਾ ਹੋ ਗਏ। ਸ਼ੀ ਤੇ ਜਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਵੱਲੋਂ ਕੀਵ ਦੇ ਕੀਤੇ ਦੌਰੇ ਨੇ ਦਰਸਾਇਆ ਹੈ ਕਿ ਕਿਵੇਂ ਵੱਖ-ਵੱਖ ਮੁਲਕ ਮਾਸਕੋ ਤੇ ਕੀਵ ਮਗਰ ਲਾਮਬੰਦ ਹੋ ਰਹੇ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਵੈਨਬਿਨ ਨੇ ਦੁਹਰਾਇਆ ਕਿ ਚੀਨ ਇਸ ਸੰਕਟ ਦੌਰਾਨ ਨਿਰਪੱਖ ਰਿਹਾ ਹੈ ਤੇ ‘ਯੂਕਰੇਨ ਮੁੱਦੇ ਨਾਲ ਇਸ ਦਾ ਕੋਈ ਸੁਆਰਥੀ ਹਿੱਤ ਨਹੀਂ ਜੁੜਿਆ ਹੈ।’ ਉਨ੍ਹਾਂ ਕਿਹਾ ਕਿ ਚੀਨ ਸ਼ਾਂਤੀ ਵਾਰਤਾ ਨੂੰ ਉਤਸ਼ਾਹਿਤ ਕਰ ਰਿਹਾ ਹੈ। ਵੈਂਗ ਨੇ ਅਮਰੀਕਾ ਉਤੇ ਟਕਰਾਅ ਭੜਕਾਉਣ ਤੇ ਪੱਖਪਾਤੀ ਹੋਣ ਦਾ ਦੋਸ਼ ਲਾਇਆ। ਵੈਨਬਿਨ ਨੇ ਕਿਹਾ ਕਿ ਚੀਨ, ਯੂਕਰੇਨ ਮੁੱਦੇ ਦੇ ਸਿਆਸੀ ਹੱਲ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਉਸਾਰੂ ਭੂਮਿਕਾ ਨਿਭਾਉਂਦਾ ਰਹੇਗਾ। ਯੂਕਰੇਨ ਮੁੱਦੇ ‘ਤੇ ਹੋਰ ਟਿੱਪਣੀਆਂ ਕਰਦਿਆਂ ਚੀਨ ਦੇ ਬੁਲਾਰੇ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਚਾਰਟਰ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ ਤੇ ਕੌਮਾਂਤਰੀ ਕਾਨੂੰਨ ਦਾ ਸਤਿਕਾਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਅਮਰੀਕਾ ਦੀਆਂ ਇਕਪਾਸੜ ਪਾਬੰਦੀਆਂ ਦਾ ਵਿਰੋਧ ਕਰਦੇ ਹਨ। ਮਾਸਕੋ ਵਿਚ ਰੂਸ ਤੇ ਚੀਨ ਨੇ ਸਾਂਝਾ ਬਿਆਨ ਜਾਰੀ ਕਰਦਿਆਂ ‘ਸਾਰੇ ਮੁਲਕਾਂ ਦੇ ਵਾਜਬ ਸੁਰੱਖਿਆ ਫ਼ਿਕਰਾਂ ਦੀ ਗੱਲ ਕੀਤੀ ਹੈ’ ਜੋ ਟਕਰਾਅ ਦੇ ਹੱਲ ਨਾਲ ਜੁੜੇ ਹਨ। ਜ਼ਿਕਰਯੋਗ ਹੈ ਕਿ ਮਾਸਕੋ ਇਸ ਗੱਲ ਉਤੇ ਜ਼ੋਰ ਦਿੰਦਾ ਰਿਹਾ ਹੈ ਕਿ ਯੂਕਰੇਨ ਵਿਰੁੱਧ ਕਾਰਵਾਈ ਉਨ੍ਹਾਂ ਅਮਰੀਕਾ ਤੇ ‘ਨਾਟੋ’ ਦੇ ਉੱਥੇ ਵੱਧ ਰਹੇ ਪ੍ਰਭਾਵ ਦੇ ਜਵਾਬ ਵੱਜੋਂ ਕੀਤੀ ਹੈ। ਇਸੇ ਦੌਰਾਨ ਰੂਸ ਨੇ ਅੱਜ ਕੀਵ ਨੇੜੇ ਵਿਦਿਆਰਥੀਆਂ ਦੇ ਇਕ ਹੋਸਟਲ ਨੂੰ ਧਮਾਕਾਖ਼ੇਜ਼ ਸਮੱਗਰੀ ਨਾਲ ਲੈਸ ਡਰੋਨਾਂ ਨਾਲ ਨਿਸ਼ਾਨਾ ਬਣਾਇਆ ਹੈ। ਬੁੱਧਵਾਰ ਸੁਵੱਖਤੇ ਹੋਏ ਹਮਲੇ ‘ਚ ਕਰੀਬ ਚਾਰ ਲੋਕ ਮਾਰੇ ਗਏ ਹਨ। ਅੱਜ ਹੋਏ ਡਰੋਨ ਹਮਲੇ ‘ਚ ਹਾਈ ਸਕੂਲ ਤੇ ਦੋ ਹੋਸਟਲ ਨੁਕਸਾਨੇ ਗਏ ਹਨ। ਇਕ 40 ਸਾਲਾ ਵਿਅਕਤੀ ਦੀ ਲਾਸ਼ ਹੋਟਸਲ ਦੀ ਪੰਜਵੀਂ ਮੰਜ਼ਿਲ ‘ਤੇ ਮਲਬੇ ‘ਚੋਂ ਬਰਾਮਦ ਕੀਤੀ ਗਈ ਹੈ। ਵੀਹ ਤੋਂ ਵੱਧ ਲੋਕਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੇਂਸਕੀ ਨੇ ਦੱਸਿਆ ਕਿ ਇਰਾਨ ਦੇ ਬਣੇ 20 ਤੋਂ ਵੱਧ ਡਰੋਨ ਤੇ ਮਿਜ਼ਾਈਲਾਂ ਇਕੋ ਰਾਤ ਵਿਚ ਸੁੱਟੇ ਗਏ ਹਨ। ਰੂਸ ਵੱਲੋਂ ਕੀਤਾ ਤਾਜ਼ਾ ਹਮਲਾ ਕਿਸ਼ਿਦਾ ਵੱਲੋਂ ਯੂਕਰੇਨ ਦੀ ਰਾਜਧਾਨੀ ਤੋਂ ਵਿਦਾ ਹੋਣ ਤੋਂ ਬਾਅਦ ਹੋਇਆ ਹੈ। -ਏਪੀ
ਪੱਛਮੀ ਮੁਲਕਾਂ ਵੱਲੋਂ ਚੀਨ ਦੀ ਯੂਕਰੇਨ ਬਾਰੇ ਸ਼ਾਂਤੀ ਯੋਜਨਾ ਖਾਰਜ
ਪੱਛਮੀ ਮੁਲਕਾਂ ਨੇ ਚੀਨ ਦੀ ਯੂਕਰੇਨ ਸਬੰਧੀ ਸ਼ਾਂਤੀ ਯੋਜਨਾ ਨੂੰ ਸਿਰੇ ਤੋਂ ਨਕਾਰ ਕਰ ਦਿੱਤਾ ਹੈ। ਉਨ੍ਹਾਂ ਚੀਨ ਦੀ ਸ਼ਾਂਤੀ ਯੋਜਨਾ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਪੇਈਚਿੰਗ ਦੇ ਮਾਸਕੋ ਨਾਲ ‘ਰਿਸ਼ਤਿਆਂ ਦੀ ਕੋਈ ਸੀਮਾ ਨਹੀਂ ਹੈ।’ ਇਸ ਨੂੰ ਨਿਰਪੱਖ ਸ਼ਾਂਤੀਦੂਤ ਵਜੋਂ ਨਹੀਂ ਲਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਤਜਵੀਜ਼ ਵਿਚ ਰੂਸੀ ਫ਼ੌਜ ਦੇ ਯੂਕਰੇਨ ‘ਚੋਂ ਬਾਹਰ ਨਿਕਲਣ ਬਾਰੇ ਕੁਝ ਵੀ ਦਰਜ ਨਹੀਂ ਹੈ। ਅਮਰੀਕਾ ਤੇ ਹੋਰ ਮੁਲਕਾਂ ਨੇ ਫ਼ਿਕਰ ਜ਼ਾਹਿਰ ਕੀਤਾ ਹੈ ਕਿ ਰੂਸ ਤੋਂ ਊਰਜਾ ਸਰੋਤ ਤੇ ਕੰਪਿਊਟਰ ਚਿੱਪਾਂ ਲੈਣ ਲਈ ਚੀਨ ਉਨ੍ਹਾਂ ਨੂੰ ਹਥਿਆਰ ਸਪਲਾਈ ਕਰ ਸਕਦਾ ਹੈ। -ਏਪੀ