ਮੁੱਖ ਅੰਸ਼
- ਦਿਨ ਦੀ ਖੇਡ ਖ਼ਤਮ ਹੋਣ ਮੌਕੇ ਦੱਖਣੀ ਅਫ਼ਰੀਕਾ ਨੇ 35/1 ਦਾ ਸਕੋਰ ਬਣਾਇਆ, ਕਪਤਾਨ ਲੋਕੇਸ ਰਾਹੁਲ ਨੇ 50 ਤੇ ਅਸ਼ਵਿਨ ਨੇ 46 ਦੌੜਾਂ ਬਣਾਈਆਂ
ਜੌਹੈੱਨਸਬਰਗ: ਦੱਖਣੀ ਅਫ਼ਰੀਕਾ ਖਿਲਾਫ਼ ਦੂਜੇ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਭਾਰਤ ਦੀ ਪਹਿਲੀ ਪਾਰੀ ਅੱਜ 202 ਦੌੜਾਂ ‘ਤੇ ਸਿਮਟ ਗਈ। ਦਿਨ ਦੀ ਖੇਡ ਖ਼ਤਮ ਹੋਣ ਮੌਕੇ ਮੇਜ਼ਬਾਨ ਟੀਮ ਨੇ ਇਕ ਵਿਕਟ ਦੇ ਨੁਕਸਾਨ ਨਾਲ 35 ਦੌੜਾਂ ਬਣਾ ਲਈਆਂ ਸਨ। ਕਪਤਾਨ ਡੀਨ ਐਲਗਰ 11 ਤੇ ਕੀਗਨ ਪੀਟਰਸਨ 14 ਦੌੜਾਂ ਨਾਲ ਨਾਬਾਦ ਸਨ। ਇਸ ਤੋਂ ਪਹਿਲਾਂ ਅੱਜ ਕਪਤਾਨ ਵਿਰਾਟ ਕੋਹਲੀ ਦੀ ਗੈਰਮੌਜੂਦਗੀ ‘ਚ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਦੀ ਅਗਵਾਈ ‘ਚ ਮੈਦਾਨ ‘ਚ ਉੱਤਰੀ ਭਾਰਤੀ ਟੀਮ ਨੇ ਟਾਸ ਜਿੱਤ ਦੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਰਾਹੁਲ 50 ਦੌੜਾਂ ਨਾਲ ਟੀਮ ਲਈ ਟੌਪ ਸਕੋਰਰ ਰਿਹਾ। ਹੇਠਲੇ ਕ੍ਰਮ ਵਿੱਚ ਰਵੀਚੰਦਰਨ ਅਸ਼ਵਿਨ (46) ਨੇ ਅਹਿਮ ਪਾਰੀ ਖੇਡੀ। ਚਾਹ ਦੇ ਸਮੇਂ ਤੱਕ ਭਾਰਤ ਦਾ ਸਕੋਰ 146/5 ਸੀ ਤੇ ਦਿਨ ਦੇ ਆਖਰੀ ਸੈਸ਼ਨ ਵਿੱਚ ਟੀਮ ਨੇ ਪੰਜ ਵਿਕਟਾਂ ਦੇ ਨੁਕਸਾਨ ਨਾਲ ਸਕੋਰ ਵਿੱਚ 56 ਹੋਰ ਦੌੜਾਂ ਜੋੜੀਆਂ। ਦੱਖਣੀ ਅਫ਼ਰੀਕਾ ਲਈ ਮਾਰਕੋ ਜੈਨਸਨ ਨੇ 31 ਦੌੜਾਂ ਬਦਲੇ ਚਾਰ ਅਤੇ ਡੁਆਨੇ ਓਲੀਵਰ ਤੇ ਕਾਗਿਸੋ ਰਬਾਡਾ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਕਪਤਾਨ ਵਿਰਾਟ ਕੋਹਲੀ ਨੂੰ ਪਿੱਠ ਦਰਦ ਕਰਕੇ ਮੈਦਾਨ ‘ਚੋਂ ਬਾਹਰ ਬੈਠਣਾ ਪਿਆ। ਤਿੰਨ ਮੈਚਾਂ ਦੀ ਲੜੀ ‘ਚ ਭਾਰਤ ਸੈਂਚੁਰੀਅਨ ਵਿੱਚ ਖੇਡਿਆ ਪਹਿਲਾ ਟੈਸਟ ਜਿੱਤ ਕੇ ਲੜੀ ‘ਚ 1-0 ਨਾਲ ਅੱਗੇ ਹੈ। -ਪੀਟੀਆਈ