ਪੱਤਰ ਪ੍ਰੇਰਕ
ਪਟਿਆਲਾ, 29 ਮਾਰਚ
ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੇ ਰਿਹਾਇਸ਼ੀ ਖੇਡ ਵਿੰਗਾਂ ਲਈ ਖਿਡਾਰੀਆਂ ਦੀ ਚੋਣ ਵਾਸਤੇ ਟਰਾਇਲ 3 ਅਪਰੈਲ ਤੋਂ ਸ਼ੁਰੂ ਹੋ ਰਹੇ ਹਨ ਜੋ ਕਿ 25 ਅਪਰੈਲ ਤੱਕ ਚੱਲਣਗੇ। ਇਸ ਵਾਰ ਵੱਖ-ਵੱਖ ਖੇਡਾਂ ਦੇ ਟਰਾਇਲ 11 ਸਥਾਨਾਂ ‘ਤੇ ਲਏ ਜਾਣਗੇ ਜਿਸ ਮਗਰੋਂ ਇਨ੍ਹਾਂ ਟਰਾਇਲਾਂ ਵਿੱਚੋਂ ਚੁਣੇ ਗਏ ਖਿਡਾਰੀਆਂ ਦੇ ਫਾਈਨਲ ਟਰਾਇਲ 24 ਅਪਰੈਲ ਤੋਂ ਸ਼ੁਰੂ ਹੋਣਗੇ ਜੋ ਕਿ 26 ਅਪਰੈਲ ਤੱਕ ਚੱਲਣਗੇ।
ਜ਼ਿਲ੍ਹਾ ਖੇਡ ਅਫ਼ਸਰ ਸ਼ਾਸਵਤ ਰਾਜਦਾਨ ਨੇ ਦੱਸਿਆ ਕਿ ਵੱਖ-ਵੱਖ ਖੇਡਾਂ ਵਿੱਚ ਛੇ ਉਮਰ ਗਰੁੱਪਾਂ ਅੰਡਰ 10, ਅੰਡਰ 12, ਅੰਡਰ 14, ਅੰਡਰ 17, ਅੰਡਰ 19 ਤੇ ਅੰਡਰ 21 ਦੇ ਟਰਾਇਲ ਪਹਿਲਾਂ ਜ਼ਿਲ੍ਹਾ ਵਾਰ ਬਣਾਏ ਜ਼ੋਨਾਂ ਵਿੱਚ ਹੋਣਗੇ ਅਤੇ ਇਸ ਤੋਂ ਬਾਅਦ ਜ਼ਿਲ੍ਹਿਆਂ ਵਿੱਚੋਂ ਚੁਣੇ ਖਿਡਾਰੀਆਂ ਦੇ ਫਾਈਨਲ ਟਰਾਇਲ ਇੱਕ ਜਗ੍ਹਾ ‘ਤੇ ਹੋਣਗੇ। ਉਨ੍ਹਾਂ ਮੁਤਾਬਕ 18 ਖੇਡਾਂ ਦੀਆਂ 1700 ਦੇ ਕਰੀਬ ਸੀਟਾਂ ਲਈ ਟਰਾਇਲ ਹੋਣਗੇ ਅਤੇ ਇਸ ਵਾਰ 450 ਸੀਟਾਂ ਵਧਾਈਆਂ ਗਈਆਂ ਹਨ। ਟਰਾਇਲ ਲਈ ਖੇਡਾਂ ‘ਚ ਅਥਲੈਟਿਕਸ, ਬਾਸਕਟਬਾਲ, ਮੁੱਕੇਬਾਜ਼ੀ, ਫੁਟਬਾਲ, ਹਾਕੀ, ਜਿਮਨਾਸਟਿਕ, ਜੂਡੋ, ਵਾਲੀਬਾਲ, ਵੇਟਲਿਫਟਿੰਗ, ਕੁਸ਼ਤੀ, ਹੈਂਡਬਾਲ, ਤੀਰਅੰਦਾਜ਼ੀ, ਸਾਈਕਲਿੰਗ, ਤੈਰਾਕੀ, ਟੇਬਲ ਟੈਨਿਸ, ਤਲਵਾਰਬਾਜ਼ੀ, ਨਿਸ਼ਾਨੇਬਾਜ਼ੀ ਅਤੇ ਰੋਇੰਗ ਸ਼ਾਮਲ ਹਨ। ਚੁਣੇ ਜਾਣ ਵਾਲੇ ਖਿਡਾਰੀਆਂ ਨੂੰ ਕੋਚਿੰਗ, ਰਿਹਾਇਸ਼, ਡਾਇਟ, ਮੈਡੀਕਲ ਤੇ ਬੀਮਾ ਦੀਆਂ ਮੁਫ਼ਤ ਸਹੂਲਤਾਂ ਮਿਲਣਗੀਆਂ।
ਜ਼ਿਲ੍ਹਾ ਖੇਡ ਅਧਿਕਾਰੀ ਨੇ ਦੱਸਿਆ ਕਿ ਪਟਿਆਲਾ ਵਿੱਚ 12 ਤੇ 13 ਅਪਰੈਲ ਨੂੰ ਪਟਿਆਲਾ, ਫਤਹਿਗੜ੍ਹ ਸਾਹਿਬ ਤੇ ਸੰਗਰੂਰ ਜ਼ਿਲ੍ਹਿਆਂ, ਬਠਿੰਡਾ ਜ਼ਿਲ੍ਹਿਆਂ ਦੇ ਟਰਾਇਲ ਹੋਣਗੇ। ਰੂਪਨਗਰ ਵਿੱਚ 3 ਤੇ 4 ਅਪਰੈਲ ਨੂੰ ਰੋਇੰਗ ਖੇਡ ਲਈ ਸਾਰੇ ਜ਼ਿਲ੍ਹਿਆਂ, ਬਰਨਾਲਾ ਵਿੱਚ 24 ਤੇ 25 ਅਪਰੈਲ ਨੂੰ ਟੇਬਲ ਟੈਨਿਸ ਖੇਡ ਲਈ ਸਾਰੇ ਜ਼ਿਲ੍ਹਿਆਂ ਅਤੇ ਮਾਹਿਲਪੁਰ (ਹੁਸ਼ਿਆਰਪੁਰ) ਵਿੱਚ 24 ਤੇ 25 ਅਪਰੈਲ ਨੂੰ ਫੁੱਟਬਾਲ ਲਈ ਸਾਰੇ ਜ਼ਿਲ੍ਹਿਆਂ ਦੇ ਟਰਾਇਲ ਹੋਣਗੇ। ਚਾਹਵਾਨ ਖਿਡਾਰੀ ਟਰਾਇਲ ਵਾਲੇ ਦਿਨ ਸਵੇਰੇ 8:30 ਵਜੇ ਰਿਪੋਰਟ ਕਰਨਗੇ। ਹੋਰ ਜਾਣਕਾਰੀ ਵਿਭਾਗ ਦੀ ਵੈੱਬਸਾਈਟ www.pispunjab.org ‘ਤੇ ਉਪਲੱਬਧ ਹੈ।