ਤਿਰੂਵਨੰਤਪੁਰਮ (ਕੇਰਲ), 30 ਮਾਰਚ
ਕੇਰਲ ਦੇ ਮੁੱਖ ਮੰਤਰੀ ਪਿਨਾਰਵੀ ਵਿਜਯਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਰਾਜ ਦੇ ਖਾੜੀ ਮੁਲਕਾਂ ਵਿਚਲੇ ਲੱਖਾਂ ਕਾਮਿਆਂ ਨੂੰ ਹਵਾਈ ਟਿਕਟਾਂ ਲਈ ਬਹੁਤ ਜ਼ਿਆਦਾ ਕੀਮਤ ਅਦਾ ਕਰਨੀ ਪੈ ਰਹੀ ਹੈ। ਇਸ ਕਾਰਨ ਉਨ੍ਹਾਂ ਦੀ ਬੱਚਤ ਨੂੰ ਵੱਡਾ ਖੋਰਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਤਿਓਹਾਰਾਂ ਦੇ ਸੀਜ਼ਨ ਦੌਰਾਨ ਤਾਂ ਹਵਾਈ ਟਿਕਟਾਂ ਦੀ ਕੀਮਤ ਵੱਸੋਂ ਬਾਹਰ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਸਾਲ ਵਿੱਚ ਹਵਾਈ ਕਿਰਾਏ ਵਿੱਚ ਤਿੱਖੇ ਵਾਧੇ ਅਤੇ ਉਡਾਣਾਂ ਦੀ ਗਿਣਤੀ ਵਿੱਚ ਗਿਰਾਵਟ ਕਾਰਨ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋ ਮਹੀਨਿਆਂ ਵਿੱਚ ਏਅਰਲਾਈਨ ਅਪਰੇਟਰਾਂ ਨੇ ਟਿਕਟਾਂ ਦੀ ਆਮ ਕੀਮਤ ਤਿੰਨ ਗੁਣਾ ਤੋਂ ਵੱਧ ਵਧਾ ਦਿੱਤੇ ਹਨ। ਮੁੱਖ ਮੰਤਰੀ ਨੇ ਸ੍ਰੀ ਮੋਦੀ ਨੂੰ ਅਪੀਲ ਕੀਤੀ ਕਿ ਕਿਰਾੲੇ ਘਟਾਉਣ ਲਈ ਕੇਂਦਰ ਸਰਕਾਰ ਸਰਗਰਮੀ ਨਾਲ ਦਖਲ ਦੇਵੇ ਅਤੇ ਭਾਰਤ-ਖਾੜੀ ਖੇਤਰ ਵਿੱਚ ਕੰਮ ਕਰ ਰਹੀਆਂ ਏਅਰਲਾਈਨ ਕੰਪਨੀਆਂ ਨਾਲ ਗੱਲਬਾਤ ਸ਼ੁਰੂ ਕਰੇ।