ਕਰਮਜੀਤ ਸਿੰਘ ਚਿੱਲਾ/ਏਜੰਸੀ
ਮੁਹਾਲੀ, 1 ਅਪਰੈਲ
ਭਾਨੁਕਾ ਰਾਜਪਕਸਾ ਦੇ ਅਰਧ ਸੈਂਕੜੇ ਅਤੇ ਅਰਸ਼ਦੀਪ ਦੀ ਗੇਂਦਬਾਜ਼ੀ ਸਦਕਾ ਪੰਜਾਬ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਮੀਂਹ ਪ੍ਰਭਾਵਿਤ ਮੈਚ ਵਿੱਚ ਸ਼ਨਿਚਰਵਾਰ ਨੂੰ ਕੋਲਕਾਤਾ ਨਾਈਟ ਰਾਈਡਜ਼ਰ ਨੂੰ ਡਕਵਰਥ ਲੂਇਸ ਨੀਤੀ ਅਨੁਸਾਰ ਸੱਤ ਦੌੜਾਂ ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਇੱਥੇ ਪੀਸੀਏ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਜਿੱਤ ਲਈ 192 ਦੌੜਾਂ ਦਾ ਟੀਚਾ ਦਿੱਤਾ। ਕੋਲਕਾਤਾ ਨਾਈਟ ਰਾਈਡਰਜ਼ ਟੀਮ ਨੇ ਟਾਸ ਜਿੱਤ ਪੰਜਾਬ ਕਿੰਗਜ਼ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਕਿੰਗਜ਼ ਟੀਮ ਨੇ ਭਾਨੁਕਾ ਰਾਜਪਕਸਾ ਦੇ ਅਰਧ ਸੈਂਕੜੇ (50 ਦੌੜਾਂ) ਅਤੇ ਸ਼ਿਖਰ ਧਵਨ ਦੀਆਂ 40 ਦੌੜਾਂ ਸਦਕਾ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 191 ਦੌੜਾਂ ਬਣਾਈਆਂ। ਟੀਮ ਦੇ ਕੁੱਲ ਸਕੋਰ ‘ਚ ਪ੍ਰਭਸਿਮਰਨ ਸਿੰਘ ਨੇ 23 ਜਿਤੇਸ਼ ਸ਼ਰਮਾ ਨੇ 21, ਸੈਮ ਕੁਰੈਨ ਨੇ 26, ਸਿਕੰਦਰ ਰਜ਼ਾ ਨੇ 16 ਅਤੇ ਸ਼ਾਹਰੁਖ ਖ਼ਾਨ ਨੇ 11 ਦੌੜਾਂ ਦਾ ਯੋਗਦਾਨ ਪਾਇਆ। ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਟਿਮ ਸਾਊਥੀ ਨੇ ਦੋ ਵਿਕਟਾਂ ਲਈਆਂ ਜਦਕਿ ਉਮੇਸ਼ ਯਾਦਵ, ਸੁਨੀਲ ਨਾਰਾਇਣ ਤੇ ਵਰੁਣ ਚਕਰਵਰਤੀ ਨੂੰ ਇੱਕ-ਇੱਕ ਵਿਕਟ ਮਿਲੀ। ਅੱਜ ਦੋਹਾਂ ਟੀਮਾਂ ਵਿਚਾਲੇ ਮੁਕਾਬਲਾ ਦੇਖਣ ਲਈ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਨਜ਼ਰ ਆਇਆ। ਇਸ ਦੌਰਾਨ ਸੁਰੱਖਿਆ ਦੇ ਬੇਹੱਦ ਸਖਤ ਪ੍ਰਬੰਧ ਕੀਤੇ ਗਏ ਹਨ।