ਕੈਨਬਰਾ (ਆਸਟਰੇਲੀਆ), 9 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਅਤੇ ਆਸਟਰੇਲੀਆ ਨੂੰ ‘ਵਿਕਾਸ ਅਤੇ ਖੁਸ਼ਹਾਲੀ’ ਵਿੱਚ ‘ਮਜ਼ਬੂਤ ਭਾਈਵਾਲ’ ਕਰਾਰ ਦਿੰਦਿਆਂ ਬਿਸਬੇਨ ਵਿੱਚ ‘ਆਸਟਰੇਲਿਆਈ ਸਿੱਖ ਖੇਡਾਂ’ ਨਾਲ ਜੁੜੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ‘ਆਸਟਰੇਲੀਅਨ ਨੈਸ਼ਨਲ ਸਿੱਖ ਸਪੋਰਟਸ ਐਂਡ ਕਲਚਰਲ ਕੌਂਸਲ’ ਵੱਲੋਂ ਸਿੱਖ ਖੇਡਾਂ ਬ੍ਰਿਸਬੇਨ ਵਿੱਚ 7 ਤੋਂ 9 ਅਪਰੈਲ ਤੱਕ ਹੋ ਰਹੀਆਂ ਹਨ। ਪ੍ਰਧਾਨ ਮੰਤਰੀ ਦਾ ਸੁਨੇਹਾ ਕੈਨਬਰਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਅੱਜ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਸਾਂਝਾ ਕੀਤਾ। ਇਸ ਸੁਨੇਹੇ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਟੂਰਨਾਮੈਂਟ ਸਿੱਖ ਭਾਈਚਾਰੇ ਨੂੰ ਆਪਣੇ ਖੇਡ ਹੁਨਰ, ਮੁਕਾਬਲੇ ਦੀ ਭਾਵਨਾ ਅਤੇ ‘ਟੀਮ ਵਰਕ’ ਨੂੰ ਵੱਡੇ ਪਲੇਟਫਾਰਮ ‘ਤੇ ਦਿਖਾਉਣ ‘ਚ ਸਹਾਈ ਹੋਵੇਗਾ।” ਵਿਕਾਸ ਲਈ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਇੱਕ ਪਲੇਟਫਾਰਮ ‘ਚ ਲਿਆਉਣ ਸਬੰਧੀ ਗੁਰੂ ਸਹਿਬਾਨ ਦੇ ਸੰਦੇਸ਼ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਧਾਰਨਾਵਾਂ ਖੇਡਾਂ ਦੀ ਦੁਨੀਆਂ ਵਿੱਚ ਵੀ ਤਰਕਸੰਗਤ ਹਨ ਜਿੱਥੇ ਲੋਕ ਇੱਕ ਪਲੇਟਫਾਰਮ ‘ਤੇ ਹਿੱਸਾ ਲੈਣ ਲਈ ਇਕੱਠੇ ਹੁੰਦੇ ਹਨ। ਚਾਹੇ ਉਨ੍ਹਾਂ ਦਾ ਸਮਾਜਿਕ ਪਿਛੋਕੜ ਕੋਈ ਵੀ ਹੋਵੇ। ਮੋਦੀ ਨੇ 35ਵੀਆਂ ਆਸਟਰੇਲਿਆਈ ਸਿੱਖ ਖੇਡਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਵਿੱਚ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਦੀ ਸ਼ਮੂਲੀਅਤ ਜ਼ਿਕਰਯੋਗ ਹੈ। ਉਨ੍ਹਾਂ ਕਿਹਾ, ”35ਵੀਆਂ ਆਸਟਰੇਲਿਆਈ ਸਿੱਖ ਖੇਡਾਂ” ਲਈ ਮੇਰੀਆਂ ਸ਼ੁਭਕਾਮਨਾਵਾਂ। ਇਹ ਖੇਡਾਂ ਨੌਜਵਾਨ ਪੀੜ੍ਹੀ ਨੂੰ ਜੀਵਨ ਦੇ ਹਰ ਖੇਤਰ ਵਿੱਚ ‘ਸਿਖਰਲਾ ਪੱਧਰ’ ਹਾਸਲ ਕਰਨ ‘ਚ ਮਦਦ ਕਰਨਗੀਆਂ।” -ਪੀਟੀਆਈ