ਇਸਲਾਮਾਬਾਦ, 11 ਅਪਰੈਲ
ਸੰਯੁਕਤ ਰਾਸ਼ਟਰ (ਯੂਐੱਨ) ਨੇ ਅੱਜ ਕਿਹਾ ਕਿ ਉਹ ਅਫ਼ਗਾਨਿਸਤਾਨ ਵਿੱਚ ਆਪਣੀ ਮੌਜੂਦਗੀ ਦੀ ਸਮੀਖਿਆ ਕਰ ਰਿਹਾ ਹੈ। ਆਲਮੀ ਸੰਸਥਾ ਦਾ ਇਹ ਬਿਆਨ ਤਾਲਿਬਾਨ ਵੱਲੋਂ ਅਫ਼ਗਾਨ ਔਰਤਾਂ ਦੇ ਸੰਯੁਕਤ ਰਾਸ਼ਟਰ ਲਈ ਕੰਮ ਕਰਨ ‘ਤੇ ਲਗਾਈਆਂ ਪਾਬੰਦੀਆਂ ਬਾਅਦ ਆਇਆ ਹੈ। ਮੰਨਿਆ ਜਾਂਦਾ ਹੈ ਕਿ ਸੰਯੁਕਤ ਰਾਸ਼ਟਰ ਦਾ ਇਹ ਬਿਆਨ ਸਿੱਧੇ ਤੌਰ ‘ਤੇ ਸੰਕੇਤ ਹੈ ਕਿ ਉਹ ਸੰਕਟ ਨਾਲ ਜੂਝ ਰਹੇ ਇਸ ਦੇਸ਼ ਵਿੱਚ ਆਪਣੇ ਮਿਸ਼ਨ ਤੇ ਕਾਰਜਾਂ ਨੂੰ ਮੁਲਤਵੀ ਕਰ ਸਕਦਾ ਹੈ। ਪਿਛਲੇ ਹਫ਼ਤੇ ਤਾਲਬਿਾਨ ਸ਼ਾਸਕਾਂ ਨੇ ਔਰਤਾਂ ‘ਤੇ ਹੋਰ ਪਾਬੰਦੀਆਂ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਸੰਯੁਕਤ ਰਾਸ਼ਟਰ ਮਿਸ਼ਨ ਲਈ ਕੰਮ ਕਰ ਰਹੀਆਂ ਅਫ਼ਗਾਨ ਔਰਤਾਂ ਹੁਣ ਉੱਥੇ ਕੰਮ ਨਹੀਂ ਕਰਨਗੀਆਂ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਉਹ ਇਸ ਫ਼ੈਸਲੇ ਨੂੰ ਸਵੀਕਾਰ ਨਹੀਂ ਕਰ ਸਕਦਾ ਅਤੇ ਇਹ ਔਰਤਾਂ ਦੇ ਅਧਿਕਾਰਾਂ ਦਾ ਘੋਰ ਉਲੰਘਣਾ ਹੈ। -ਪੀਟੀਆਈ