ਨਵੀਂ ਦਿੱਲੀ, 11 ਅਪਰੈਲ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਸਰਕਾਰੀ ਕਰਮਚਾਰੀ ਸਾਲਾਨਾ ਤਨਖ਼ਾਹ ਵਾਧੇ ਦਾ ਹੱਕਦਾਰ ਹੈ, ਭਾਵੇਂ ਉਹ ਵਿੱਤੀ ਲਾਭ ਲੈਣ ਦੇ ਅਗਲੇ ਹੀ ਦਿਨ ਸੇਵਾਮੁਕਤ ਕਿਉਂ ਨਾ ਹੋ ਰਿਹਾ ਹੋਵੇ। ਜਨਤਕ ਖੇਤਰ ਦੀ ਕਰਨਾਟਕ ਪਾਵਰ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਡ (ਕੇਪੀਟੀਸੀਐੱਲ) ਦੀ ਅਪੀਲ ‘ਤੇ ਅਦਾਲਤ ਨੇ ਇਹ ਫ਼ੈਸਲਾ ਸੁਣਾਇਆ ਹੈ। ਕੰਪਨੀ ਨੇ ਪਟੀਸ਼ਨ ਵਿੱਚ ਕਰਨਾਟਕ ਹਾਈ ਕੋਰਟ ਦੀ ਬੈਂਚ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਸੇਵਾਮੁਕਤ ਹੋਣ ਤੋਂ ਇੱਕ ਦਿਨ ਪਹਿਲਾਂ ਵੀ ਸਰਕਾਰੀ ਕਰਮਚਾਰੀ ਸਾਲਾਨਾ ਤਨਖ਼ਾਹ ਵਾਧੇ ਦੇ ਹੱਕਦਾਰ ਹਨ। ਜਸਟਿਸ ਐੱਮ ਆਰ ਸ਼ਾਹ ਅਤੇ ਜਸਟਿਸ ਸੀ ਟੀ ਰਵੀਕੁਮਾਰ ਦੀ ਬੈਂਚ ਨੇ ਕੇਪੀਟੀਸੀਐੱਲ ਦੀ ਪਟੀਸ਼ਨ ਰੱਦ ਕਰਦਿਆਂ ਕਿਹਾ, ”ਪਟੀਸ਼ਨਰ (ਕੇਪੀਟੀਸੀਐੱਲ) ਵੱਲੋਂ ਇਹ ਤਰਕ ਦਿੱਤਾ ਗਿਆ ਹੈ ਕਿ ਸਾਲਾਨਾ ਤਨਖ਼ਾਹ ਵਾਧਾ ਕਰਮਚਾਰੀ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਉਤਸ਼ਾਹ ਵਜੋਂ ਦਿੱਤਾ ਜਾਂਦਾ ਹੈ। ਇਸ ਲਈ ਜਦੋਂ ਉਹ ਸੇਵਾ ਵਿੱਚ ਨਹੀਂ ਹੈ ਤਾਂ ਸਾਲਾਨਾ ਤਨਖ਼ਾਹ ਵਾਧੇ ਦਾ ਸਵਾਲ ਹੀ ਨਹੀਂ ਹੈ। ਇਸ ਤਰਕ ਦਾ ਕੋਈ ਅਰਥ ਨਹੀਂ ਹੈ।” -ਪੀਟੀਆਈ