ਵਾਸ਼ਿੰਗਟਨ, 13 ਅਪਰੈਲ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਭਾਰਤ ਇਸ ਸਾਲ ਦੇਸ਼ ਦੇ ਅਰਥਚਾਰੇ ‘ਚ ਛੇ ਫੀਸਦ ਤੋਂ ਵੱਧ ਦੀ ਅਨੁਮਾਨਤ ਵਿਕਾਸ ਦਰ ਦੇ ਬਾਵਜੂਦ ਆਲਮੀ ਆਰਥਿਕ ਭੂ-ਰਾਜਨੀਤਕ ਮਾਹੌਲ ਨੂੰ ਲੈ ਕੇ ਫਿਕਰਮੰਦ ਹੈ।
ਉਨ੍ਹਾਂ ਇੱਥੇ ਬੀਤੇ ਦਿਨ ਇੱਕ ਮੀਟਿੰਗ ਦੌਰਾਨ ਆਲਮੀ ਆਗੂਆਂ ਦੀ ਮੌਜੂਦਗੀ ‘ਚ ਕਿਹਾ ਕਿ ਮੌਜੂਦਾ ਹਾਲਾਤ ਤੇ ਆਲਮੀ ਸਪਲਾਈ ਲੜੀ ‘ਤੇ ਦਬਾਅ ਨੇ ਆਲਮੀ ਅਰਥਚਾਰੇ ‘ਤੇ ਜ਼ਬਰਦਸਤ ਅਸਰ ਪਾਇਆ ਹੈ। ਆਲਮੀ ਅਰਥਚਾਰਾ ਪਹਿਲਾਂ ਹੀ ਉੱਚੀਆਂ ਵਿਆਜ਼ ਦਰਾਂ, ਮਹਿੰਗਾਈ ਦਰ ਦੇ ਦਬਾਅ ਤੋਂ ਪ੍ਰਭਾਵਿਤ ਹੈ। ਵਿੱਤ ਮੰਤਰੀ ਨੇ ਕਿਹਾ ਕਿ ਕੁਝ ਆਧੁਨਿਕ ਅਰਥਚਾਰਿਆਂ ‘ਚ ਬੈਂਕਿੰਗ ਖੇਤਰ ‘ਚ ਹਾਲੀਆ ਸੰਕਟ ਨੇ ਆਲਮੀ ਆਰਥਿਕ ਸੁਧਾਰ ਲਈ ਚੁਣੌਤੀਆਂ ਨੂੰ ਹੋਰ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਲਮੀ ਸਪਲਾਈ ਲੜੀ ਦੀਆਂ ਪ੍ਰੇਸ਼ਾਨੀਆਂ ਕਾਰਨ ਖੁਰਾਕ, ਈਂਧਣ ਤੇ ਖਾਦ ਖੇਤਰਾਂ ‘ਤੇ ਦਬਾਅ ਵਧਿਆ ਹੈ। ਇਸ ਕਾਰਨ ਖੁਰਾਕ ਤੇ ਊਰਜਾ ਸੁਰੱਖਿਆ ਦਾ ਸੰਕਟ ਵੀ ਵਧਿਆ ਹੈ। ਇਨ੍ਹਾਂ ਕਾਰਨ ਖਾਸ ਤੌਰ ‘ਤੇ ਦੁਨੀਆ ਦਾ ਗਰੀਬ ਤੇ ਹਾਸ਼ੀਏ ‘ਤੇ ਆਇਆ ਵਰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਵਿੱਤ ਮੰਤਰੀ ਨੇ ਕਿਹਾ, ‘ਅੱਜ ਸਮੇਂ ਦੀ ਲੋੜ ਲੋਕਾਂ ਦੀ ਅਗਵਾਈ ‘ਚ ਸਹਿਮਤੀ ਆਧਾਰਿਤ ਅਤੇ ਸਮੂਹਿਕ ਪਹਿਲ ਦੀ ਹੈ ਜਿਸ ਨਾਲ ਆਲਮੀ ਵਿੱਤੀ ਚੁਣੌਤੀਆਂ ਨਾਲ ਨਜਿੱਠਿਆ ਜਾ ਸਕੇ।’ -ਪੀਟੀਆਈ