ਲਾਹੌਰ, 14 ਅਪਰੈਲ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਜ ਲਾਹੌਰ ਹਾਈ ਕੋਰਟ (ਐੱਲਐੱਚਸੀ) ਵਿੱਚ ਪੇਸ਼ ਹੋਏ। ਇਸ ਦੌਰਾਨ ਸੀਨੀਅਰ ਫੌਜੀ ਅਧਿਕਾਰੀਆਂ ਲਈ ‘ਇਤਰਾਜ਼ਯੋਗ ਭਾਸ਼ਾ’ ਵਰਤਣ ਦੇ ਮਾਮਲੇ ਵਿੱਚ ਉਨ੍ਹਾਂ ਨੂੰ 26 ਅਪਰੈਲ ਤੱਕ ਜ਼ਮਾਨਤ ਮਿਲ ਗਈ ਹੈ। ਇਸਲਾਮਾਬਾਦ ਪੁਲੀਸ ਨੇ ਸੀਨੀਅਰ ਮਿਲਟਰੀ ਅਧਿਕਾਰੀਆਂ ਲਈ ‘ਇਤਰਾਜ਼ਯੋਗ ਭਾਸ਼ਾ’ ਵਰਤਣ ਦੇ ਦੋਸ਼ ਹੇਠ 6 ਅਪਰੈਲ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਮੁਖੀ ਇਮਰਾਨ ਖਾਨ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਸਬੰਧੀ ਲਾਹੌਰ ਹਾਈ ਕੋਰਟ ਨੇ 70 ਸਾਲਾ ਖਾਨ ਨੂੰ ਸੁਰੱਖਿਆ ਜ਼ਮਾਨਤ ਦਿੱਤੀ ਅਤੇ ਜ਼ਮਾਨਤ ਵਧਾਉਣ ਲਈ ਇਸਲਾਮਾਬਾਦ ਦੀ ਸਬੰਧਤ ਅਦਾਲਤ ਵਿੱਚ ਜਾਣ ਲਈ ਕਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਮਰਾਨ ਨੇ ਕਿਹਾ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਖੁੱਲ੍ਹ ਕੇ ਕੀਤੀ ਗਈ ਉਲੰਘਣਾ ਕਾਰਨ ਦੇਸ਼ ਦੀ ਬਦਨਾਮੀ ਹੋਈ ਹੈ। -ਪੀਟੀਆਈ