ਦੁਬਈ, 16 ਅਪਰੈਲ
ਦੁਬਈ ਦੀ ਇਕ ਰਿਹਾਇਸ਼ੀ ਇਮਾਰਤ ਵਿਚ ਅੱਗ ਲੱਗਣ ਕਾਰਨ ਚਾਰ ਭਾਰਤੀਆਂ ਸਣੇ 16 ਵਿਅਕਤੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚ ਕੇਰਲਾ ਨਾਲ ਸਬੰਧਤ ਇਕ ਜੋੜਾ ਵੀ ਸ਼ਾਮਲ ਹੈ। ਹਾਦਸੇ ਵਿਚ ਨੌਂ ਹੋਰ ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਵੇਰਵਿਆਂ ਮੁਤਾਬਕ ਅੱਗ ਅਲ-ਰਾਸ ਇਲਾਕੇ ਵਿਚ ਸਥਿਤ ਇਮਾਰਤ ਦੀ ਚੌਥੀ ਮੰਜ਼ਿਲ ਉਤੇ ਲੱਗੀ ਜੋ ਕਿ ਦੁਬਈ ਦੇ ਸਭ ਤੋਂ ਪੁਰਾਣੇ ਇਲਾਕਿਆਂ ਵਿਚੋਂ ਇਕ ਹੈ। ਬਾਅਦ ਵਿਚ ਅੱਗ ਹੋਰ ਹਿੱਸਿਆਂ ਵਿਚ ਵੀ ਫੈਲ ਗਈ। ਦੁਬਈ ਸਥਿਤ ਭਾਰਤੀ ਦੂਤਾਵਾਸ ਨੇ ਪੁਸ਼ਟੀ ਕੀਤੀ ਹੈ ਕਿ ਮ੍ਰਿਤਕਾਂ ਵਿਚ ਚਾਰ ਭਾਰਤੀ ਸ਼ਾਮਲ ਹਨ। ਮ੍ਰਿਤਕਾਂ ਦੀ ਸ਼ਨਾਖ਼ਤ ਰਿਜੇਸ਼ ਕਾਲੰਗਦਨ (38) ਉਸ ਦੀ ਪਤਨੀ ਜੇਸ਼ੀ ਕੰਡਾਮੰਗਲਥ (32), ਗੁੱਡੂ ਸਲਿਆਕੁੰਡੂ (49) ਤੇ ਇਮਾਮਕਾਸਿਮ ਅਬਦੁਲ ਖਾਦਰ (43) ਵਜੋਂ ਹੋਈ ਹੈ। ਭਾਰਤੀ ਦੂਤਾਵਾਸ ਦੇ ਅਧਿਕਾਰੀ ਬਿਜੇਂਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮ੍ਰਿਤਕਾਂ ਦੀਆਂ ਪਾਸਪੋਰਟ ਕਾਪੀਆਂ ਮਿਲ ਗਈਆਂ ਹਨ। ਭਾਰਤੀ ਦੂਤਾਵਾਸ ਨੇ ਪੀੜਤ ਪਰਿਵਾਰਾਂ ਨਾਲ ਡੂੰਘੀ ਸੰਵੇਦਨਾ ਜ਼ਾਹਿਰ ਕਰਦਿਆਂ ਮਦਦ ਲਈ ਅੱਗੇ ਆਉਣ ਵਾਲੇ ਸਮਾਜਿਕ ਕਾਰਕੁਨਾਂ ਤੇ ਹੋਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਹਾਂ ਨੂੰ ਵਾਪਸ ਭੇਜਣ ਲਈ ਸਥਾਨਕ ਅਥਾਰਿਟੀ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਮ੍ਰਿਤਕ ਜੋੜਾ ਕੇਰਲਾ ਨਾਲ ਸਬੰਧਤ ਹੈ ਜਦਕਿ ਦੋ ਹੋਰ ਵਿਅਕਤੀ ਤਾਮਿਲਨਾਡੂ ਤੋਂ ਹਨ। ਮ੍ਰਿਤਕਾਂ ਵਿਚ ਤਿੰਨ ਪਾਕਿਸਤਾਨੀ ਭਰਾ ਤੇ ਨਾਇਜੀਰੀਆ ਨਾਲ ਸਬੰਧਤ ਇਕ ਔਰਤ ਵੀ ਸ਼ਾਮਲ ਹੈ।
ਦੁਬਈ ਦੀ ਸਿਵਿਲ ਡਿਫੈਂਸ ਅਥਾਰਿਟੀ ਨੂੰ ਅੱਗ ਲੱਗਣ ਬਾਰੇ ਜਾਣਕਾਰੀ ਸ਼ਨਿਚਰਵਾਰ ਦੁੁਪਹਿਰੇ 12.35 ‘ਤੇ ਮਿਲੀ ਸੀ। ਇਸ ਤੋਂ ਬਾਅਦ ਟੀਮਾਂ ਇਮਾਰਤ ਕੋਲ ਪਹੁੰਚੀਆਂ ਤੇ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ ਗਿਆ। ਅੱਗ ਬੁਝਾਊ ਅਮਲੇ ਨੂੰ ਵੀ ਮੌਕੇ ਉਤੇ ਸੱਦਿਆ ਗਿਆ ਤੇ ਬਾਅਦ ਦੁਪਹਿਰ 2.42 ‘ਤੇ ਅੱਗ ਬੁਝਾਈ ਜਾ ਸਕੀ। ਕਰੀਬ ਤਿੰਨ ਵਜੇ ਬਚਾਅ ਟੀਮਾਂ ਨੇ ਤੀਜੀ ਮੰਜ਼ਿਲ ਤੋਂ ਲੋਕਾਂ ਨੂੰ ਕਰੇਨ ਰਾਹੀਂ ਕੱਢਿਆ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਇਮਾਰਤ ਵਿਚੋਂ ਕਾਲਾ ਧੂੰਆਂ ਨਿਕਲਦਾ ਦੇਖਿਆ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ