ਪੱਤਰ ਪ੍ਰੇਰਕ
ਸਿਡਨੀ, 17 ਅਪਰੈਲ
ਆਸਟਰੇਲੀਆ ਵਿੱਚ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਨਾਲ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਆਸਟਰੇਲੀਆ ਵਿੱਚ ਜ਼ਰੂਰੀ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਤਕਰੀਬਨ 25 ਫੀਸਦ ਦਾ ਵਾਧਾ ਹੋਇਆ ਹੈ। ਭਾਰਤੀ ਖੁਰਾਕ ਆਟਾ, ਦਾਲ ਅਤੇ ਚਾਵਲ ਆਦਿ ਵਿੱਚ ਇਹ ਦਰ ਹੋਰ ਵੀ ਵੱਧ ਹੈ। ਇਸੇ ਤਰ੍ਹਾਂ ਕੌਫੀ, ਬੀਅਰ, ਸਿਗਰਟ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ।
ਆਸਟਰੇਲੀਆ ਦੀ ਪ੍ਰਚੂਨ ਐਸੋਸੀਏਸ਼ਨ ਦੇ ਬੁਲਾਰੇ ਮਾਈਕਲ ਨੇ ਕਿਹਾ ਕਿ ਦੇਸ਼ ਵਿੱਚ ਸਾਰੇ ਪਾਸੇ ਮਹਿੰਗਾਈ ਵਧ ਗਈ ਹੈ। ਬਿਜਲੀ, ਗੈਸ, ਪੈਟਰੋਲ ਦੀਆਂ ਕੀਮਤਾਂ ਵਧ ਰਹੀਆਂ ਹਨ। ਲੋਕਾਂ ਨੂੰ ਕਿਰਾਏ ‘ਤੇ ਮਕਾਨ ਵੀ ਨਹੀਂ ਮਿਲ ਰਹੇ। ਸਭ ਤੋਂ ਵੱਧ ਮਾਰ ਘੱਟ ਆਮਦਨੀ ਵਾਲੇ ਮੁਲਾਜ਼ਮਾਂ ‘ਤੇ ਪੈ ਰਹੀ ਹੈ। ਫੇਅਰ ਵਰਕ ਕਮਿਸ਼ਨ ਨੇ ਉਜਰਤਾਂ ਵਿੱਚ 7 ਫੀਸਦ ਵਾਧਾ ਕਰਨ ਦੀ ਸਲਾਹ ਦਿੱਤੀ ਹੈ। ਆਸਟਰੇਲੀਅਨ ਕੌਂਸਲ ਆਫ ਸੋਸ਼ਲ ਸਰਵਿਸ ਦੇ ਸੀਈਓ ਕੈਸੇਂਡਰਾ ਗੋਲਡੀ ਨੇ ਕਿਹਾ ਕਿ ਵਿਆਜ ਦਰਾਂ ਵਧਣ ਨਾਲ ਲੋਕਾਂ ਲਈ ਹੋਰ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਕੁੱਝ ਲੋਕ ਜ਼ਰੂਰੀ ਖੁਰਾਕੀ ਵਸਤਾਂ ਅਤੇ ਮਹਿੰਗੀਆਂ ਦਵਾਈਆਂ ਵੀ ਨਹੀਂ ਖਰੀਦ ਸਕਦੇ। ਸਰਕਾਰ ਨੂੰ ਇਸ ਬਾਰੇ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਜੇ ਅਜਿਹਾ ਨਾ ਕੀਤਾ ਗਿਆ ਤਾਂ ਹਾਲਾਤ ਹੋਰ ਵਿਗੜ ਸਕਦੇ ਹਨ।