ਸਤਵਿੰਦਰ ਬਸਰਾ
ਲੁਧਿਆਣਾ, 18 ਅਪਰੈਲ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੀ 15ਵੀਂ ਸਲਾਨਾ ਅਥਲੈਟਿਕ ਮੀਟ ਸੰਪੂਰਨ ਹੋ ਗਈ। ਇਨ੍ਹਾਂ ਖੇਡਾਂ ਵਿੱਚ ਲੜਕਿਆਂ ਦੀ 110 ਮੀਟਰ ਅੜਿੱਕਾ ਦੌੜ ਵਿੱਚ ਜਸ਼ਨਪ੍ਰੀਤ ਜੇਤੂ ਰਿਹਾ ਜਦਕਿ ਨੇਜ਼ਾ ਸੁੱਟਣ ‘ਚ ਲੜਕਿਆਂ ਵਿੱਚੋਂ ਸਰਤਾਜ ਅਤੇ ਲੜਕੀਆਂ ਵਿੱਚੋਂ ਜੈਸਮੀਨ ਜੇਤੂ ਰਹੀ। ਖੇਡਾਂ ਦੌਰਾਨ ਲੜਕਿਆਂ ਵਿੱਚੋਂ ਉਮੀਦ ਸਿੰਘ ਸੇਖੋਂ ਅਤੇ ਲੜਕੀਆਂ ਵਿੱਚੋਂ ਜੈਸਮੀਨ ਮੱਲ੍ਹੀ ਨੂੰ ਸਰਵਉੱਤਮ ਐਥਲੀਟ ਐਲਾਨਿਆ ਗਿਆ। ਕਾਲਜ ਆਫ ਵੈਟਰਨਰੀ ਸਾਇੰਸ ਨੇ ਓਵਰਆਲ ਟਰਾਫੀ ਜਿੱਤੀ ਜਦਕਿ ਕਾਲਜ ਆਫ ਵੈਟਰਨਰੀ ਸਾਇੰਸ ਰਾਮਪੁਰਾ ਫੂਲ, ਬਠਿੰਡਾ ਨੂੰ ਦੂਜਾ ਸਥਾਨ ਮਿਲਿਆ।
ਖੇਡਾਂ ਦਾ ਉਦਘਾਟਨ ‘ਵਰਸਿਟੀ ਦੇ ਰਜਿਸਟਰਾਰ ਡਾ. ਹਰਮਨਜੀਤ ਸਿੰਘ ਬਾਂਗਾ ਨੇ ਕੀਤਾ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਸਤਿਆਵਾਨ ਰਾਮਪਾਲ ਨੇ ਦੱਸਿਆ ਕਿ ਇੰਨਾਂ ਖੇਡਾਂ ਵਿੱਚ ਯੂਨੀਵਰਸਿਟੀ ਵਿੱਚ ਸਥਾਪਿਤ ਕਾਲਜਾਂ ਵੈਟਰਨਰੀ ਸਾਇੰਸ ਕਾਲਜ, ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਅਤੇ ਵਿਸ਼ਰੀਜ਼ ਕਾਲਜ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਦੇ ਵਿਦਿਆਰਥੀਆਂ ਤੋਂ ਇਲਾਵਾ ਵੈਟਰਨਰੀ ਸਾਇੰਸ ਕਾਲਜ ਰਾਮਪੁਰਾ ਫੂਲ, ਅਤੇ ਯੂਨੀਵਰਸਿਟੀ ਨਾਲ ਸਬੰਧਤ ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਅੰਮ੍ਰਿਤਸਰ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਨਾਮ ਵੰਡ ਸਮਾਗਮ ਮੌਕੇ ਭਾਰਤੀ ਹਾਕੀ ਟੀਮ ਦੀ ਖਿਡਾਰਨ ਅਤੇ ਰਾਣੀ ਰਾਮਪਾਲ ਮੁੱਖ ਮਹਿਮਾਨ ਵਜੋਂ ਪਹੁੰਚੇ। ਮੁਕਾਬਲਿਆਂ ਵਿੱਚੋਂ ਲੜਕਿਆਂ ਦੇ 110 ਮੀਟਰ ਅੜਿੱਕਾ ਦੌੜ ਮੁਕਾਬਲੇ ਵਿੱਚੋਂ ਜਸ਼ਨਪ੍ਰੀਤ, ਨੇਜਾ ਸੁੱਟਣ ਵਿੱਚੋਂ ਸਰਤਾਜ, 800 ਮੀਟਰ ਦੌੜ ਵਿੱਚੋਂ ਉਮੀਦ ਸਿੰਘ ਸੇਖੋਂ, ਤੀਹਰੀ ਛਾਲ ਵਿੱਚੋਂ ਅਨੁਰਾਗ ਸਿੰਘ, ਉੱਚੀ ਛਾਲ ਵਿੱਚੋਂ ਸਾਗਰਜੀਤ ਸਿੰਘ, ਗੋਲਾ ਸੁੱਟਣ ਵਿੱਚੋਂ ਸੌਰਵ, ਲੰਛੀ ਛਾਲ ਵਿੱਚੋਂ ਅਨੁਰਾਗ, 200 ਮੀਟਰ ਦੌੜ ਵਿੱਚੋਂ ਅਨੁਰਾਗ, ਡਿਸਕਸ ਥਰੋਅ ਵਿੱਚੋਂ ਸਾਹਿਲ ਸ਼ਰਮਾ ਨੇ ਪਹਿਲੇ ਸਥਾਨ ਪਾਪ੍ਰਤ ਕੀਤੇ। ਨੇਜ਼ਾ ਸੁੱਟਣ ਮੁਕਾਬਲੇ ਵਿੱਚੋਂ ਜੈਸਮੀਨ ਮੱਲ੍ਹੀ, 1500, 800, 400 ਅਤੇ 200 ਮੀਟਰ ਦੌੜ ਵਿੱਚੋਂ ਜੈਸਮੀਨ, ਸ਼ਾਟਪੁਟ ਵਿੱਚੋਂ ਅਨਮੋਲ ਗਿਰੀ, ਡਿਸਕਸ ਥਰੋਅ ਵਿੱਚੋਂ ਧੀਰਿਆ ਚੌਧਰੀ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ।