ਨਵੀਂ ਦਿੱਲੀ: ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਬੀਸੀਸੀਆਈ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ (ਏਸੀਯੂ) ਨੂੰ ਦੱਸਿਆ ਕਿ ਇਸ ਸਾਲ ਫਰਵਰੀ ਵਿੱਚ ਆਸਟਰੇਲੀਆ ਦੌਰੇ ਤੋਂ ਪਹਿਲਾਂ ਟੀਮ ਬਾਰੇ ‘ਅੰਦਰੂਨੀ ਜਾਣਕਾਰੀ’ ਲੈਣ ਲਈ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸ ਨਾਲ ਸੰਪਰਕ ਕੀਤਾ ਗਿਆ ਸੀ। ਆਈਪੀਐਲ ਵਿੱਚ ਰੌਇਲ ਚੈਲੰਜਰਜ਼ ਬੰਗਲੂਰੂ ਲਈ ਖੇਡਣ ਵਾਲੇ ਸਿਰਾਜ ਨੇ ਬੀਸੀਸੀਆਈ ਦੇ ਏਸੀਯੂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਸੂਤਰਾਂ ਅਨੁਸਾਰ ਸੱਟੇਬਾਜ਼ ਨੇ ਭਾਰਤ ਦੇ ਮੈਚਾਂ ਦੌਰਾਨ ਕਾਫੀ ਪੈਸਾ ਗੁਆ ਦਿੱਤਾ ਸੀ, ਜਿਸ ਕਾਰਨ ਨਿਰਾਸ਼ਾ ਵਿੱਚ ਉਸ ਨੇ ਸਿਰਾਜ ਨੂੰ ਸੁਨੇਹਾ ਭੇਜਿਆ। ਬੋਰਡ ਦੇ ਇਕ ਸੂਤਰ ਨੇ ਕਿਹਾ, ”ਸਿਰਾਜ ਨਾਲ ਸੰਪਰਕ ਕਰਨ ਵਾਲਾ ਵਿਅਕਤੀ ਸੱਟੇਬਾਜ਼ ਨਹੀਂ ਸੀ। ਉਹ ਹੈਦਰਾਬਾਦ ਦਾ ਇੱਕ ਡਰਾਈਵਰ ਸੀ, ਜੋ ਮੈਚਾਂ ‘ਤੇ ਸੱਟੇ ਲਾਉਣ ਦਾ ਆਦੀ ਸੀ। ਕਾਫੀ ਪੈਸਾ ਗੁਆਉਣ ਮਗਰੋਂ ਉਸ ਨੇ ਅੰਦਰੂਨੀ ਜਾਣਕਾਰੀ ਲਈ ਸਿਰਾਜ ਨਾਲ ਵਟਸਐਪ ‘ਤੇ ਸੰਪਰਕ ਕੀਤਾ।” ਆਂਧਰਾ ਪੁਲੀਸ ਨੇ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -ਪੀਟੀਆਈ