ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 20 ਅਪਰੈਲ
ਸਥਾਨਕ ਸੀਨੀਅਰ ਸੈਕੰਡਰੀ ਸਕੂਲ ਜੀਐੱਚਜੀ ਅਕੈਡਮੀ ਵਿੱਚ ਅੱਜ ਖੇਡ ਮੁਕਾਬਲੇ ਕਰਵਾਏ ਗਏ। ਸਰੀਰਕ ਸਿੱਖਿਆ ਅਧਿਆਪਕਾਂ ਦੀ ਦੇਖ-ਰੇਖ ਹੇਠ ਵੱਖ-ਵੱਖ ਖੇਡਾਂ ਇੰਟਰ ਹਾਊਸ ਮੁਕਾਬਲੇ ਤਹਿਤ ਹੋਈਆਂ ਜਿਸ ‘ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਛੇਵੀਂ ਤੋਂ ਅੱਠਵੀਂ ਜਮਾਤ ਦੇ ਹਾਕੀ ਮੁਕਾਬਲਿਆਂ ‘ਚ ਬਾਬਾ ਜ਼ੋਰਾਵਰ ਸਿੰਘ ਹਾਊਸ ਦੀਆਂ ਕੁੜੀਆਂ ਨੇ ਪਹਿਲਾ ਸਥਾਨ ਹਾਸਲ ਕਰ ਕੇ ਆਪਣੇ ਹਾਊਸ ਦਾ ਨਾਂ ਰੌਸ਼ਨ ਕੀਤਾ ਅਤੇ ਅਜੀਤ ਹਾਊਸ ਦੀਆਂ ਕੁੜੀਆਂ ਨੇ ਦੂਜਾ ਸਥਾਨ ਹਾਸਲ ਕੀਤਾ। ਛੇਵੀਂ ਤੋਂ ਅੱਠਵੀਂ ਜਮਾਤ ਦੇ ਮੁੰਡਿਆਂ ਨੇ ਫੁਟਬਾਲ ਮੈਚ ‘ਚ ਬਾਬਾ ਅਜੀਤ ਸਿੰਘ ਹਾਊਸ ਦੀ ਟੀਮ ਨੇ ਮੱਲਾਂ ਮਾਰ ਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਬਾਬਾ ਜੁਝਾਰ ਸਿੰਘ ਹਾਊਸ ਦੇ ਮੁੰਡਿਆਂ ਨੇ ਦੂਜਾ ਸਥਾਨ ਹਾਸਲ ਕੀਤਾ। ਨੌਵੀਂ ਤੋਂ ਗਿਆਰ੍ਹਵੀਂ ਜਮਾਤ ਦੀ ਫੁਟਬਾਲ ਦੀ ਟੀਮ ‘ਚ ਜੁਝਾਰ ਹਾਊਸ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕਰ ਕੇ ਆਪਣੇ ਹਾਊਸ ਦਾ ਨਾਂ ਰੌਸ਼ਨ ਕੀਤਾ। ਅਜੀਤ ਹਾਊਸ ਦੇ ਵਿਦਿਆਰਥੀਆਂ ਨੂੰ ਦੂਜੇ ਸਥਾਨ ‘ਤੇ ਸਬਰ ਕਰਨਾ ਪਿਆ। ਸਕੂਲ ਦੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਜੇਤੂ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਉਨ੍ਹਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਹਰ ਵਿਦਿਆਰਥੀ ਦੇ ਜੀਵਨ ‘ਚ ਬਹੁਤ ਮਹੱਤਵਪੂਰਨ ਹਨ। ਅੱਜਕੱਲ੍ਹ ਦੇ ਤਕਨੀਕੀ ਯੁੱਗ ‘ਚ ਅਤੇ ਸਮੇਂ ਦੀ ਘਾਟ ਕਾਰਨ ਬੱਚੇ ਆਪਣੇ ਘਰਾਂ ‘ਚ ਡਿਜੀਟਲ ਖੇਡਾਂ ਹੀ ਖੇਡ ਰਹੇ ਹਨ ਜਦਕਿ ਸਰੀਰਕ ਤੰਦਰੁਸਤੀ ਲਈ ਅਸਲ ਖੇਡਾਂ ਅਤਿ ਜ਼ਰੂਰੀ ਹਨ।