ਅਹਿਮਦਾਬਾਦ, 21 ਅਪਰੈਲ
ਨਰੋਦਾ ਗਾਮ ਦੰਗਾ ਮਾਮਲੇ ਵਿੱਚ ਸਾਰੇ 67 ਮੁਲਜ਼ਮਾਂ ਨੂੰ ਬਰੀ ਕੀਤੇ ਜਾਣ ‘ਤੇ ਨਿਰਾਸ਼ਾ ਜਤਾਉਂਦਿਆਂ ਪੀੜਤਾਂ ਨੇ ਕਿਹਾ ਕਿ ਇਹ ਫ਼ੈਸਲਾ ਨਿਆਂਪਾਲਿਕਾ ਦਾ ‘ਕਤਲ’ ਹੈ ਅਤੇ ਇਸ ਨਾਲ ਸਿਰਫ਼ ਦੰਗਾਈਆਂ ਦਾ ਹੌਸਲਾ ਵਧੇਗਾ। ਇਸ ਘਟਨਾ ਵਿੱਚ ਮੁਸਲਿਮ ਭਾਈਚਾਰੇ ਦੇ 11 ਜਣਿਆਂ ਦੀ ਹੱਤਿਆ ਕਰ ਦਿੱਤੀ ਗਈ ਸੀ। ਕੁੱਝ ਪੀੜਤਾਂ ਨੇ ਦਾਅਵਾ ਕੀਤਾ ਕਿ ਇਹ ਕਤਲੇਆਮ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹੋਇਆ ਸੀ। ਪੀੜਤਾਂ ਸ਼ਰੀਫ਼ ਮਾਲੇਕ ਤੇ ਇਮਤਿਆਜ਼ ਕੁਰੇਸ਼ੀ ਨੇ ਦਾਅਵਾ ਕੀਤਾ ਕਿ ਨਿਆਂਪਾਲਿਕਾ ‘ਦਬਾਅ’ ਹੇਠ ਕੰਮ ਕਰ ਰਹੀ ਹੈ ਅਤੇ ਅਜਿਹੇ ਫ਼ੈਸਲਿਆਂ ਨਾਲ ਦੰਗਾਈਆਂ ਨੂੰ ਹੱਲਾਸ਼ੇਰੀ ਮਿਲੇਗੀ। ਅਦੀਬ ਪਠਾਨ ਦਾ ਇਸ ਹਿੰਸਾ ਦੌਰਾਨ ਘਰ ਲੁੱਟਿਆ ਗਿਆ ਸੀ। ਉਸ ਨੇ ਕਿਹਾ, ”ਜੇਕਰ ਕਾਨੂੰਨ ਦੀ ਰੱਖਿਆ ਕਰਨ ਵਾਲਿਆਂ ਨੂੰ ਕਾਨੂੰਨ ਦਾ ਕਤਲ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ ਤਾਂ ਇਹ ਦੇਸ਼ ਨੂੰ ਤਬਾਹੀ ਵੱਲ ਲੈ ਜਾਵੇਗਾ। ਇਸ ਤਰ੍ਹਾਂ, ਲੋਕਾਂ ਦਾ ਲੋਕਤੰਤਰ ਵਿੱਚੋਂ ਵਿਸ਼ਵਾਸ ਉੱਠ ਜਾਵੇਗਾ।” ਉਧਰ, ਪੀੜਤ ਪਰਿਵਾਰਾਂ ਦੇ ਇੱਕ ਵਕੀਲ ਨੇ ਕਿਹਾ ਕਿ ਇਸ ਫ਼ੈਸਲੇ ਨੂੰ ਗੁਜਰਾਤ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ। -ਪੀਟੀਆਈ