ਲੰਡਨ, 21 ਅਪਰੈਲ
ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੂੰ ਵੱਡਾ ਝਟਕਾ ਦਿੰਦਿਆਂ ਉਨ੍ਹਾਂ ਦੇ ਕਰੀਬੀ ਸਹਿਯੋਗੀ ਤੇ ਡਿਪਟੀ ਪ੍ਰਧਾਨ ਮੰਤਰੀ ਡੌਮੀਨਿਕ ਰਾਬ ਨੇ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਦੌਰਾਨ ਕਰਮਚਾਰੀਆਂ ਨਾਲ ਧੱਕੇਸ਼ਾਹੀ ਦੇ ਦੋਸ਼ਾਂ ਕਾਰਨ ਅੱਜ ਅਸਤੀਫਾ ਦੇ ਦਿੱਤਾ ਹੈ। ਵੱਖ-ਵੱਖ ਨੌਕਰਸ਼ਾਹਾਂ ਵੱਲੋਂ ਰਾਬ ‘ਤੇ ਕੈਬਨਿਟ ਮੰਤਰੀ ਹੁੰਦਿਆਂ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਦੇ ਦੋਸ਼ ਲਗਾਏ ਗਏ ਸਨ। ਇਸ ਮਾਮਲੇ ਸਬੰਧੀ ਪ੍ਰਧਾਨ ਮੰਤਰੀ ਸੂਨਕ ਨੂੰ ਸੁਤੰਤਰ ਰਿਪੋਰਟ ਸੌਂਪੀ ਗਈ ਸੀ। ਰਿਸ਼ੀ ਸੂਨਕ ਨੇ 49 ਸਾਲਾ ਰਾਬ ਦਾ ਅਸਤੀਫ਼ਾ ਮਨਜ਼ੂਰ ਕਰਦਿਆਂ ‘ਨਿਰਾਸ਼ਾ’ ਪ੍ਰਗਟ ਕੀਤੀ। ਉਨ੍ਹਾਂ ਧੱਕੇਸ਼ਾਹੀ ਦੇ ਮਾਮਲੇ ‘ਤੇ ਅਸਤੀਫ਼ਾ ਦੇਣ ਸਬੰਧੀ ਵਾਅਦਾ ਨਿਭਾਉਣ ਕਾਰਨ ਰਾਬ ਦੀ ਪ੍ਰਸ਼ੰਸਾ ਵੀ ਕੀਤੀ।
ਇਨ੍ਹਾਂ ਧੱਕੇਸ਼ਾਹੀਆਂ ਸਬੰਧੀ ਦੋਸ਼ ਲਗਾਏ ਜਾਣ ਦੇ ਸਮੇਂ ਤੋਂ ਹੀ ਬਰਤਾਨੀਆ ਦੇ ਨਿਆਂ ਮੰਤਰੀ ਰਾਬ ਦੇ ਅਸਤੀਫ਼ੇ ਬਾਰੇ ਕਿਆਸਅਰਾਈਆਂ ਸਨ। -ਪੀਟੀਆਈ