ਮੈਲਬਰਨ, 24 ਅਪਰੈਲ
ਮੁੱਖ ਅੰਸ਼
- ਪ੍ਰਧਾਨ ਮੰਤਰੀ ਨੇ ਰੱਖਿਆ ਰਣਨੀਤਕ ਸਮੀਖਿਆ ਰਿਪੋਰਟ ਕੀਤੀ ਪੇਸ਼
ਆਸਟਰੇਲੀਆ ਨੇ ਦੱਖਣੀ ਚੀਨ ਸਾਗਰ ‘ਚ ਚੀਨ ਦੇ ਵਧਦੇ ਅਸਰ ਦੇ ਟਾਕਰੇ ਲਈ ਰਣਨੀਤਕ ਤੌਰ ‘ਤੇ ਅਹਿਮ ਹਿੰਦ-ਪ੍ਰਸ਼ਾਂਤ ਖ਼ਿੱਤੇ ‘ਚ ਭਾਰਤ ਅਤੇ ਜਪਾਨ ਸਮੇਤ ਆਪਣੇ ਹੋਰ ਭਾਈਵਾਲਾਂ ਨਾਲ ਕੂਟਨੀਤਕ ਤੇ ਰੱਖਿਆ ਸਬੰਧ ਮਜ਼ਬੂਤ ਕਰਨ ਦਾ ਫ਼ੈਸਲਾ ਲਿਆ ਹੈ। ਕੈਨਬਰਾ ‘ਚ ਰੱਖਿਆ ਰਣਨੀਤਕ ਸਮੀਖਿਆ ਦਾ ਖ਼ੁਲਾਸਾ ਕਰਦਿਆਂ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਸਰਕਾਰ ਨੇ ਅਗਲੇ ਦਹਾਕੇ ਦੀ ਰਣਨੀਤਕ, ਰੱਖਿਆ ਯੋਜਨਾ ਅਤੇ ਵਸੀਲਿਆਂ ਬਾਰੇ ਬਲੂਪ੍ਰਿੰਟ ਜਾਰੀ ਕੀਤਾ ਹੈ। ਜਨਤਕ ਕੀਤੀ ਗਈ ਅੰਤਿਮ ਰਿਪੋਰਟ ‘ਚ ਚੀਨ ਨੂੰ ਆਸਟਰੇਲੀਆ ਲਈ ਸਿੱਧਾ ਖ਼ਤਰਾ ਨਹੀਂ ਦੱਸਿਆ ਗਿਆ ਹੈ ਪਰ ਖ਼ਦਸ਼ਾ ਜਤਾਇਆ ਗਿਆ ਹੈ ਕਿ ਵਿਵਾਦਤ ਦੱਖਣੀ ਚੀਨ ਸਾਗਰ ‘ਚ ਉਸ ਦੇ ਦਾਅਵੇ ਨਾਲ ਆਸਟਰੇਲੀਆ ਦੇ ਕੌਮੀ ਹਿੱਤਾਂ ‘ਤੇ ਅਸਰ ਪੈ ਸਕਦਾ ਹੈ। ਰਿਪੋਰਟ ਮੁਤਾਬਕ ਅਮਰੀਕਾ ਹੁਣ ਹਿੰਦ-ਪ੍ਰਸ਼ਾਂਤ ਖ਼ਿੱਤੇ ਦਾ ਅਲੰਬਰਦਾਰ ਨਹੀਂ ਰਿਹਾ ਹੈ ਅਤੇ ਖ਼ਿੱਤੇ ਦੇ ਹੋਰ ਮੁਲਕਾਂ ਨਾਲ ਰਲ ਕੇ ਨੀਤੀ ਬਣਾਉਣ ਦੀ ਲੋੜ ਹੈ। ਇਸ ‘ਚ ਕਿਹਾ ਗਿਆ ਹੈ ਕਿ ਹਿੰਦ ਮਹਾਸਾਗਰ ਖ਼ਿੱਤੇ ‘ਚ ਰੱਖਿਆ ਸਹਿਯੋਗ ਪ੍ਰੋਗਰਾਮ ਚਲਾਉਣ ਦੀ ਲੋੜ ਹੈ। ਰਿਪੋਰਟ ਅਨੁਸਾਰ ਆਸਟਰੇਲੀਆ ਨੂੰ ਜਪਾਨ ਅਤੇ ਭਾਰਤ ਸਮੇਤ ਅਹਿਮ ਤਾਕਤਾਂ ਨਾਲ ਸਬੰਧ ਗੂੜੇ ਕਰਨ ਦੇ ਨਾਲ ਨਾਲ ਵਿਹਾਰਕ ਸਹਿਯੋਗ ਵੀ ਵਧਾਉਣਾ ਚਾਹੀਦਾ ਹੈ। ਇਹ ਰਿਪੋਰਟ ਉਸ ਸਮੇਂ ਆਈ ਹੈ ਜਦੋਂ ਕੁਆਡ ਮੁਲਕਾਂ (ਅਮਰੀਕਾ, ਭਾਰਤ, ਆਸਟਰੇਲੀਆ ਅਤੇ ਜਪਾਨ) ਦੀ ਅਗਲੇ ਮਹੀਨੇ ਮੀਟਿੰਗ ਹੋਣ ਵਾਲੀ ਹੈ। ਪ੍ਰਧਾਨ ਮੰਤਰੀ ਅਲਬਨੀਜ਼ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਆਸਟਰੇਲੀਆ ਨੂੰ ਹੋਰ ਵਧੇਰੇ ਸੁਰੱਖਿਅਤ ਬਣਾਉਣ ਦੇ ਇਰਾਦੇ ਨਾਲ ਸਮੀਖਿਆ ਰਿਪੋਰਟ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰੇਕ ਸਰਕਾਰ ਦੀ ਤਰਜੀਹ ਕੌਮੀ ਸੁਰੱਖਿਆ ਹੋਣੀ ਚਾਹੀਦੀ ਹੈ। ਸਮੀਖਿਆ ਮੁਤਾਬਕ ਆਸਟਰੇਲੀਆ ਨੂੰ ਰੱਖਿਆ ‘ਤੇ ਵਧੇਰੇ ਪੈਸਾ ਖ਼ਰਚ ਕਰਨ, ਖੁਦ ਗੋਲਾ-ਬਾਰੂਦ ਬਣਾਉਣ ਅਤੇ ਲੰਮੀ ਦੂਰੀ ਦੇ ਨਿਸ਼ਾਨਿਆਂ ਨੂੰ ਫੁੰਡਣ ਦੀ ਸਮਰੱਥਾ ਵਿਕਸਤ ਕਰਨ ਦੀ ਲੋੜ ਹੈ। -ਪੀਟੀਆਈ