12.4 C
Alba Iulia
Monday, March 11, 2024

ਜਿਨਸੀ ਸ਼ੋਸ਼ਣ ਮਾਮਲਾ: ਪਹਿਲਵਾਨਾਂ ਵੱਲੋਂ ਸੁਪਰੀਮ ਕੋਰਟ ਜਾਣ ਦੀ ਧਮਕੀ

Must Read


ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਅਪਰੈਲ

ਮੁੱਖ ਅੰਸ਼

  • ਭਾਰਤੀ ਕੁਸ਼ਤੀ ਫੈਡਰੇਸ਼ਨ ਦੀ 7 ਮਈ ਨੂੰ ਹੋਣ ਵਾਲੀ ਚੋਣ ‘ਤੇ ਰੋਕ
  • ਆਈਓਏ ਨੂੰ ਰੋਜ਼ਮਰ੍ਹਾ ਦੇ ਕੰਮਕਾਜ ਲਈ ਐਡਹਾਕ ਕਮੇਟੀ ਗਠਿਤ ਕਰਨ ਲਈ ਕਿਹਾ

  • ਕੌਮੀ ਮਹਿਲਾ ਕਮਿਸ਼ਨ ਦੀ ਮੁਖੀ ਨੂੰ ਪੱਤਰ ਲਿਖ ਕੇ ਹੱਡਬੀਤੀ ਦੱਸੀ

  • ਦਿੱਲੀ ਪੁਲੀਸ ਵੱਲੋਂ ਜਾਂਚ ਸ਼ੁਰੂ

ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਬਣਾਈ ਕਮੇਟੀ ਦੀ ਰਿਪੋਰਟ ਜਨਤਕ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਮੁੜ ਜੰਤਰ ਮੰਤਰ ‘ਤੇ ਧਰਨਾ ਲਾਉਣ ਵਾਲੇ ਦੇਸ਼ ਦੇ ਸਿਖਰਲੇ ਪਹਿਲਵਾਨਾਂ ਨੇ ਸੁਪਰੀਮ ਕੋਰਟ ਦਾ ਰੁਖ਼ ਕਰਨ ਦੀ ਧਮਕੀ ਦਿੱਤੀ ਹੈ। ਪਹਿਲਵਾਨਾਂ ਨੇ ਕਿਹਾ ਕਿ ਜੇਕਰ ਸਿੰਘ ਖਿਲਾਫ਼ ਐੱਫਆਈਆਰ ਦਰਜ ਨਾ ਕੀਤੀ ਗਈ ਤਾਂ ਉਹ ਦੇਸ਼ ਦੀ ਸਿਖਰਲੀ ਕੋਰਟ ਵਿਚ ਦਸਤਕ ਦੇਣਗੇ। ਪਹਿਲਵਾਨਾਂ ਨੇ ਦੇਸ਼ਵਿਆਪੀ ਹਮਾਇਤ ਜੁਟਾਉਣ ਲਈ ‘ਖਾਪਾਂ’, ਪੰਚਾਇਤਾਂ ਤੇ ਹੋਰਨਾਂ ਕਈ ਜਥੇਬੰਦੀਆਂ ਤੋਂ ਸਹਿਯੋਗ ਮੰਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਧਰਨਾ ‘ਗੈਰਸਿਆਸੀ’ ਸੀ, ਪਰ ਹੁਣ ਉਨ੍ਹਾਂ ਨੂੰ ਕਿਸੇ ਵੀ ਸਿਆਸੀ ਪਾਰਟੀ ਤੋਂ ਕੋਈ ਪਰਹੇਜ਼ ਨਹੀਂ ਹੈ। ਉਨ੍ਹਾਂ ਕੌਮੀ ਮਹਿਲਾ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ਨੂੰ ਪੱਤਰ ਲਿਖ ਕੇ ਮਹਿਲਾ ਪਹਿਲਵਾਨਾਂ ਦੀ ਹੱਡਬੀਤੀ ਦੱਸੀ ਹੈ। ਉਧਰ ਦਿੱਲੀ ਪੁਲੀਸ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਖਿਲਾਫ ਸ਼ਿਕਾਇਤ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਖੇਡ ਮੰਤਰਾਲੇ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੀਆਂ 7 ਮਈ ਲਈ ਤਜਵੀਜ਼ਤ ਚੋਣਾਂ ‘ਤੇ ਰੋਕ ਲਾਉਂਦਿਆਂ ਫੈਡਰੇਸ਼ਨ ਦੇ ਰੋਜ਼ਮਰ੍ਹਾ ਦਾ ਕੰਮਕਾਜ ਚਲਾਉਣ ਲਈ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੂੰ ਐਡਹਾਕ ਕਮੇਟੀ ਗਠਿਤ ਕਰਨ ਲਈ ਕਿਹਾ ਹੈ। ਉਧਰ ਧਰਨਾਕਾਰੀ ਪਹਿਲਵਾਨਾਂ ਨੇ ਕਿਹਾ ਕਿ ਉਨ੍ਹਾਂ ਦਾ ਇਨ੍ਹਾਂ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤੇ ਉਹ ਸਿੰਘ ਉੱਤੇ ਲੱਗੇ ਮਹਿਲਾ ਅਥਲੀਟਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਢੁੱਕਵੀਂ ਜਾਂਚ ਲਈ ਦਬਾਅ ਪਾਉਂਦੇ ਰਹਿਣਗੇ।

ਸਾਈ ਦੇ ਡਿਪਟੀ ਡਾਇਰੈਕਟਰ ਜਨਰਲ ਸ਼ਿਵ ਸ਼ਰਮਾ ਜੰਤਰ ਮੰਤਰ ‘ਤੇ ਪਹਿਲਵਾਨਾਂ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਪੀਟੀਆਈ

ਓਲੰਪੀਅਨ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਮੰਨਿਆ ਕਿ ਉਨ੍ਹਾਂ ਤਿੰਨ ਮਹੀਨੇ ਪਹਿਲਾਂ ਆਪਣਾ ਧਰਨਾ ਚੁੱਕ ਕੇ ਗ਼ਲਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਉਨ੍ਹਾਂ ਨੂੰ ‘ਹੱਥਠੋਕੇ ਵਜੋਂ ਵਰਤਿਆ’ ਸੀ। ਵਿਨੇਸ਼ ਨੇ ਕਿਹਾ, ”ਹੁਣ ਅਸੀਂ ਕਿਸੇ ਦੀ ਵੀ ਨਹੀਂ ਸੁਣਾਂਗੇ। ਅਸੀਂ ਆਪਣੇ ਧਰਨੇ ਦੀ ਮੂਹਰੇ ਹੋ ਕੇ ਅਗਵਾਈ ਕਰਾਂਗੇ, ਪਰ ਹੁਣ ਸਾਨੂੰ ਸਾਡੇ ‘ਗੁਰੂਜਨ’ (ਬਜ਼ੁਰਗ) ਤੇ ‘ਕੋਚ-ਖਲੀਫਾ’ (ਮੈਂਟਰ) ਸੇਧ ਦੇਣਗੇ। ਪਿਛਲੀ ਵਾਰ ਅਸੀਂ ਧਰਨਾ ਚੁੱਕ ਕੇ ਗ਼ਲਤੀ ਕਰ ਬੈਠੇ ਸੀ। ਹੁਣ ਅਸੀਂ ਕਿਸੇ ਵਿਚੋਲੀਏ ਨੂੰ ਸਵੀਕਾਰ ਨਹੀਂ ਕਰਾਂਗੇ, ਅਸੀਂ ਕਿਸੇ ਨੂੰ ਵੀ ਸਾਡੇ ਨਾਲ ਵਿਸ਼ਵਾਸਘਾਤ ਨਹੀਂ ਕਰਨ ਦੇਵਾਂਗੇ।” ਮਹਿਲਾ ਪਹਿਲਵਾਨ ਨੇ ਸਵਾਲ ਕੀਤਾ, ”ਅਸੀਂ ਸਿਰਫ਼ ਇੰਨਾ ਚਾਹੁੰਦੇ ਹਾਂ ਕਿ ਪੁਲੀਸ ਐੱਫਆਈਆਰ ਦਰਜ ਕਰ ਕੇ ਮਾਮਲੇ ਦੀ ਜਾਂਚ ਕਰੇ। ਅਸੀਂ ਆਜ਼ਾਦ ਭਾਰਤ ਦੇ ਨਾਗਰਿਕ ਹਾਂ ਤੇ ਨਿਆਂ ਲੈਣ ਲਈ ਕਈ ਰਾਹ ਹਨ। ਕੀ ਸਾਨੂੰ ਕਿਤੋਂ ਵੀ ਨਿਆਂ ਨਹੀਂ ਮਿਲੇਗਾ?”

ਪਹਿਲਵਾਨਾਂ ਨੇ ਦਾਅਵਾ ਕੀਤਾ ਕਿ ਸੱਤ ਮਹਿਲਾ ਪਹਿਲਵਾਨਾਂ ਨੇ ਦੋ ਦਿਨ ਪਹਿਲਾਂ ਕਨਾਟ ਪਲੇਸ ਥਾਣੇ ਵਿੱਚ ਬ੍ਰਿਜ ਭੂਸ਼ਣ ਸਿੰਘ ਖਿਲਾਫ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਿੱਤੀ ਸੀ, ਪਰ ਪੁਲੀਸ ਮੁਲਾਜ਼ਮਾਂ ਨੇ ਅਰਜ਼ੀ ‘ਤੇ ਕਾਰਵਾਈ ਤੋਂ ਨਾਂਹ ਕਰ ਦਿੱਤੀ। ਇਨ੍ਹਾਂ ‘ਚੋਂ ਇਕ ਪਹਿਲਵਾਨ ਨਾਬਾਲਗ ਹੈ, ਜਿਸ ਲਈ ਬ੍ਰਿਜ ਭੂਸ਼ਣ ਖਿਲਾਫ ਰਿਪੋਰਟ ਦਰਜ ਕਰਵਾ ਕੇ ਪੋਕਸੋ ਤਹਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਫੈਡਰੇਸ਼ਨ ਮੁਖੀ ਦਾ ਨਾਰਕੋ ਟੈਸਟ ਕਰਵਾਇਆ ਜਾਵੇ।

ਮਹਿਲਾ ਪਹਿਲਵਾਨ ਸਾਕਸ਼ੀ ਨੇ ਜਿੱਥੇ ਕਿਹਾ ਕਿ ਉਨ੍ਹਾਂ ਨੂੰ ਹੱਥਠੋਕੇ ਵਜੋਂ ਵਰਤਿਆ ਗਿਆ, ਉਥੇ ਬਜਰੰਗ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ‘ਖਾਪਾ’ ਤੇ ਹੋਰ ਜਥੇਬੰਦੀਆਂ ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕਰਨ। ਪਹਿਲਵਾਨ ਨੇ ਕਿਹਾ, ”ਅਸੀਂ ਪਿਛਲੀ ਵਾਰ ਇਸ ਧਰਨੇ ਨੂੰ ‘ਗੈਰਸਿਆਸੀ’ ਰੱਖਣਾ ਚਾਹੁੰਦੇ ਸੀ, ਪਰ ਹੁਣ ਅਸੀਂ ਕਿਸਾਨ ਤੇ ਮਹਿਲਾ ਜਥੇਬੰਦੀਆਂ ਅਤੇ ‘ਖਾਪਾਂ’ ਦੀ ਹਮਾਇਤ ਚਾਹੁੰਦੇ ਹਾਂ।” ਚੇਤੇ ਰਹੇ ਕਿ ਇਸ ਸਾਲ ਜਨਵਰੀ ਵਿੱਚ ਜਦੋਂ ਪਹਿਲਵਾਨਾਂ ਨੇ ਜੰਤਰ ਮੰਤਰ ‘ਤੇ ਧਰਨਾ ਲਾਇਆ ਸੀ ਤਾਂ ਸਾਬਕਾ ਮਹਿਲਾ ਪਹਿਲਵਾਨ ਤੇ ਹੁਣ ਭਾਜਪਾ ਆਗੂ ਬਬੀਤਾ ਫੋਗਾਟ ਨੇ ਧਰਨਾਕਾਰੀ ਪਹਿਲਵਾਨਾਂ ਤੇ ਸਰਕਾਰ ਵਿਚਾਲੇ ਸਾਲਸ ਦੀ ਭੂਮਿਕਾ ਨਿਭਾਈ ਸੀ। ਹਾਲਾਂਕਿ ਲੱਗਦਾ ਹੈ ਕਿ ਪਹਿਲਵਾਨ (ਬਬੀਤਾ ਵੱਲੋਂ ਨਿਭਾਈ ਭੂਮਿਕਾ ਤੋਂ) ਖ਼ੁਸ਼ ਨਹੀਂ ਹਨ। ਵਿਨੇਸ਼ ਨੇ ਰਿਸ਼ਤੇ ‘ਚ ਭੈਣ ਲਗਦੀ ਬਬੀਤਾ ਫੋਗਾਟ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ”ਸ਼ਾਇਦ ਹੁਣ ਉਸ ਨੂੰ ਕੁਸ਼ਤੀ ਨਾਲੋਂ ਸਿਆਸਤ ਨਾਲ ਵਧੇਰੇ ਪਿਆਰ ਹੈ।” ਸਾਕਸ਼ੀ ਨੇ ਕਿਹਾ ਕਿ ਉਨ੍ਹਾਂ ਦੀ ਕਾਨੂੰਨੀ ਟੀਮ ਸੁਪਰੀਮ ਕੋਰਟ ਦਾ ਰੁਖ਼ ਕਰਨ ਦੀ ਤਿਆਰੀ ਵਿੱਚ ਹੈ। ਉਸ ਨੇ ਕਿਹਾ, ”ਅਸੀਂ ਸੁਪਰੀਮ ਕੋਰਟ ਜਾਵਾਂਗੇੇ। ਜੇਕਰ ਸਾਡੇ ਵੱਲੋਂ ਲਾਏ ਦੋਸ਼ ਗ਼ਲਤ ਸਾਬਤ ਹੋੲੇ ਤਾਂ ਸਾਡੇ ਖਿਲਾਫ਼ ਮੋੜਵੀਂ ਐੱਫਆਈਆਰ ਦਰਜ ਕੀਤੀ ਜਾਵੇ।” ਪੱਤਰਕਾਰਾਂ ਨੇ ਜਦੋਂ ਜਿਨਸੀ ਸ਼ੋਸ਼ਣ ਪੀੜਤਾਂ ਦੇ ਨਾਂ ਦੱਸਣ ਲਈ ਕਿਹਾ ਤਾਂ ਵਿਨੀਤ ਨੇ ਕਿਹਾ, ”ਇਸ ਪੂਰੇ ਮਾਮਲੇ ਦੀ ਨਿਗਰਾਨੀ ਕਰ ਰਹੀ ਕਮੇਟੀ ਹਮੇਸ਼ਾਂ ਸਾਡੇ ਨਾਲ ਪੱਖਪਾਤੀ ਰਹੀ ਹੈ। ਸਿਰਫ਼ ਸੁਪਰੀਮ ਕੋਰਟ ਨੂੰ ਹੀ ਪੀੜਤਾਂ ਦੀ ਪਛਾਣ ਬਾਰੇ ਦੱਸਿਆ ਜਾਵੇਗਾ, ਬ੍ਰਿਜ ਭੂਸ਼ਣ ਨੂੰ ਨਹੀਂ।” ਵਿਨੇਸ਼ ਨੇ ਕਿਹਾ ਕਿ ਬ੍ਰਿਜ਼ ਭੂਸ਼ਣ ਭਾਜਪਾ ਦਾ ਸੰਸਦ ਮੈਂਬਰ ਹੈ ਤੇ ਪਾਰਟੀ ਇਸ ਵੇੇਲੇ ਕੇਂਦਰ ਦੀ ਸੱਤਾ ਵਿੱਚ ਹੈ, ਜਿਸ ਦਾ ਫਾਇਦਾ ਸਿਰਫ਼ ਭੂਸ਼ਣ ਨੂੰ ਹੀ ਹੈ। ਬਜਰੰਗ ਨੇ ਕਿਹਾ, ”ਤੁਹਾਨੂੰ ਸਰਕਾਰ ਨੂੰ ਸਵਾਲ ਕਰਨਾ ਚਾਹੀਦਾ ਹੈ ਕਿ ਉਹ ਖਾਮੋਸ਼ ਕਿਉਂ ਹੈ? ਜਦੋਂ ਅਸੀਂ ਦੇਸ਼ ਲਈ ਤਗ਼ਮੇ ਜਿੱਤਦੇ ਹਾਂ, ਸਾਡਾ ਸਨਮਾਨ ਕੀਤਾ ਜਾਂਦਾ ਹੈ ਅਤੇ ਹੁਣ ਜਦੋਂ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ‘ਤੇ ਹਾਂ, ਤਾਂ ਕਿਸੇ ਨੂੰ ਕੋਈ ਪ੍ਰਵਾਹ ਨਹੀਂ।” ਪਹਿਲਵਾਨਾਂ ਵੱਲੋਂ ਵਿੱਢਿਆ ਸੰਘਰਸ਼ ਦੋ ਰਾਜਾਂ (ਹਰਿਆਣਾ ਤੇ ਯੂਪੀ) ਦੀ ਲੜਾਈ ਹੋਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਬਜਰੰਗ ਨੇ ਕਿਹਾ, ”ਜਦੋਂ ਅਸੀਂ ਦੇਸ਼ ਲਈ ਤਗ਼ਮੇ ਜਿੱਤਦੇ ਹਾਂ ਤਾਂ ਸਾਡੀ ਪਛਾਣ ਭਾਰਤੀ ਖਿਡਾਰੀਆਂ ਵਜੋਂ ਹੁੰਦੀ ਹੈ। ਅਤੇ ਜਦੋਂ ਹੁਣ ਅਸੀਂ ਨਿਆਂ ਲਈ ਲੜ ਰਹੇ ਹਾਂ, ਲੋਕ ਇਸ ਨੂੰ ਯੂਪੀ ਬਨਾਮ ਹਰਿਆਣਾ ਦੀ ਲੜਾਈ ਵਜੋਂ ਪੇਸ਼ ਕਰ ਰਹੇ ਹਨ। ਉਨ੍ਹਾਂ (ਬ੍ਰਿਜ ਭੂਸ਼ਣ) ਕੋਲ ਪੈਸਾ ਤੇ ਤਾਕਤ ਹੈ, ਪਰ ਸਾਡੇ ਕੋਲ ਸੱਚਾਈ ਹੈ।” ਜਾਂਚ ਕਮੇਟੀ ਕੋਲ ਪੁਖਤਾ ਸਬੂਤ ਪੇਸ਼ ਕਰਨ ਬਾਰੇ ਪੁੱਛਣ ‘ਤੇ ਵਿਨੇਸ਼ ਨੇ ਕਿਹਾ ਕਿ ਉਨ੍ਹਾਂ ਕਮੇਟੀ ਨੂੰ ਦੱਸਿਆ ਸੀ ਕਿ ਬ੍ਰਿਜ ਭੂਸ਼ਣ ਨੇ ਮਹਿਲਾ ਪਹਿਲਵਾਨ ਨੂੰ ਆਪਣੇ ਕਮਰੇ ਵਿੱਚ ਸੱਦ ਕੇ ਉਸ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਸੀ।

ਆਈਓਏ ਕਾਰਜਕਾਰੀ ਕੌਂਸਲ ਦੀ ਮੀਟਿੰਗ 27 ਨੂੰ

ਨਵੀਂ ਦਿੱਲੀ: ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਅੱਜ ਕਿਹਾ ਕਿ ਉਹ ਵੀਰਵਾਰ ਨੂੰ ਆਪਣੀ ਕਾਰਜਕਾਰੀ ਕੌਂਸਲ ਦੀ ਮੀਟਿੰਗ ਕਰਕੇ ਭਾਰਤੀ ਕੁਸ਼ਤੀ ਫੈਡਰੇਸ਼ਨ ਵਿਚ ਬਣੇ ਮੌਜੂਦਾ ਜਮੂਦ ਨੂੰ ਤੋੜਨ ਲਈ ਕੋਈ ‘ਕਾਰਵਾਈਯੋਗ ਹੱਲ’ ਤਲਾਸ਼ੇਗੀ। ਆਈਓਏ ਪ੍ਰਧਾਨ ਪੀਟੀ ਊਸ਼ਾ ਨੇ ਕਿਹਾ ਕਿ ਖੇਡ ਮੰਤਰਾਲੇ ਵੱਲੋਂ ਫੈਡਰੇਸ਼ਨ ਦੀਆਂ 7 ਮਈ ਨੂੰ ਹੋਣ ਵਾਲੀਆਂ ਚੋਣਾਂ ਰੋਕੇ ਜਾਣ ਮਗਰੋਂ ਐਸੋਸੀਏਸ਼ਨ ਨੇ ਛੇਤੀ ਬੈਠਕ ਸੱਦਣ ਦਾ ਫੈਸਲਾ ਕੀਤਾ ਹੈ। -ਪੀਟੀਆਈ

ਕਿਸੇ ਵੀ ਖਿਡਾਰੀ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ: ਮੋਦੀ

ਇੰਫਾਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸੇ ਵੀ ਖਿਡਾਰੀ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਖੇਡ ਮੰਤਰੀਆਂ ਨੂੰ ਦੇਸ਼ ਦੇ ਹਰ ਹੁਨਰਮੰਦ ਖਿਡਾਰੀ ਨੂੰ ਮਿਆਰੀ ਖੇਡ ਸਹੂਲਤਾਂ ਦੇਣ ਲਈ ਮਿਲ ਕੇ ਕੰਮ ਕਰਨ ਅਤੇ ਭਾਰਤ ਨੂੰ ਖੇਡਾਂ ਵਿੱਚ ਮੋਹਰੀ ਦੇਸ਼ ਬਣਾਉਣ ਲਈ ਟੀਚੇ ਮਿੱਥਣ ਦਾ ਸੱਦਾ ਦਿੱਤਾ। ਇੱਥੇ ਰਾਜਾਂ ਦੇ ਖੇਡ ਮੰਤਰੀਆਂ ਦੇ ‘ਚਿੰਤਨ ਸ਼ਿਵਰ’ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਸਥਾਨਕ ਪੱਧਰ ‘ਤੇ ਹੋਰ ਮੁਕਾਬਲੇ ਕਰਵਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਤਾਂ ਜੋ ਖਿਡਾਰੀਆਂ ਨੂੰ ਲੋੜੀਂਦਾ ਤਜਰਬਾ ਮਿਲ ਸਕੇ। ਉਨ੍ਹਾਂ ਮੰਤਰੀਆਂ ਨੂੰ ਕਿਹਾ ਕਿ ਉਹ ਕਿਸੇ ਵੀ ਖਿਡਾਰੀ ਨੂੰ ਨਜ਼ਰਅੰਦਾਜ਼ ਨਾ ਕਰਨ।ਪ੍ਰਧਾਨ ਮੰਤਰੀ ਨੇ ਵਰਚੁਅਲੀ ਸੰਬੋਧਨ ਕਰਦਿਆਂ ਕਿਹਾ, ”ਤੁਹਾਨੂੰ ਹਰ ਟੂਰਨਾਮੈਂਟ ਅਨੁਸਾਰ ਖੇਡਾਂ ਦੇ ਬੁਨਿਆਦੀ ਢਾਂਚੇ ਅਤੇ ਖੇਡ ਸਿਖਲਾਈ ‘ਤੇ ਧਿਆਨ ਦੇਣਾ ਚਾਹੀਦਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਖਿਡਾਰੀ ਆਪਣੇ ਪੱਧਰ ‘ਤੇ ਤਾਂ ਤਿਆਰੀ ਕਰ ਰਹੇ ਹਨ ਪਰ ਹੁਣ ਸਮਾਂ ਆ ਗਿਆ ਹੈ ਕਿ ਮੰਤਰਾਲੇ ਵੀ ਖੇਡ ਟੂਰਨਾਮੈਂਟਾਂ ਸਬੰਧੀ ਵੱਖਰੀ ਪਹੁੰਚ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ ‘ਖੇਡ ਇੰਡੀਆ’ ਨੇ ਯਕੀਨੀ ਤੌਰ ‘ਤੇ ਜ਼ਿਲ੍ਹਾ ਪੱਧਰ ‘ਤੇ ਖੇਡ ਢਾਂਚੇ ਵਿੱਚ ਸੁਧਾਰ ਕੀਤਾ ਹੈ ਪਰ ਹੁਣ ਇਸ ਨੂੰ ਬਲਾਕ ਪੱਧਰ ਤੱਕ ਲਿਜਾਣ ਦੀ ਲੋੜ ਹੈ। -ਪੀਟੀਆਈ

ਕਾਂਗਰਸ ਵੱਲੋਂ ਧਰਨਾਕਾਰੀ ਪਹਿਲਵਾਨਾਂ ਦੀ ਹਮਾਇਤ

ਨਵੀਂ ਦਿੱਲੀ: ਕਾਂਗਰਸ ਨੇ ਜੰਤਰ ਮੰਤਰ ‘ਤੇ ਧਰਨਾ ਲਾਈ ਬੈਠੇ ਪਹਿਲਵਾਨਾਂ ਦੀ ਹਮਾਇਤ ‘ਚ ਨਿੱਤਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਾਮੋਸ਼ੀ ਤੋੜਨ ਲਈ ਕਿਹਾ ਹੈ। ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਨੇਟਾ ਡਿਸੂਜ਼ਾ ਨੇ ਅੱਜ ਧਰਨੇ ਵਾਲੀ ਥਾਂ ਦਾ ਦੌਰਾ ਕੀਤਾ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਉਹ ਭਲਕੇ ਪਹਿਲਵਾਨਾਂ ਨੂੰ ਮਿਲਣਗੇ ਜਦੋਂਕਿ ਉਨ੍ਹਾਂ ਦੇ ਪੁੱਤ ਤੇ ਰਾਜ ਸਭਾ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਐੱਫਆਈਆਰ ਦਰਜ ਕਰਨ ਤੇ ਪੂਰੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -