ਨਵੀਂ ਦਿੱਲੀ, 24 ਅਪਰੈਲ
ਐਸੋਸੀਏਸ਼ਨ ਆਫ ਡੈਮੋਕਰੈਟਿਕ ਰਿਫਾਰਮਜ਼ (ਏਡੀਆਰ) ਨੇ ਅੱਜ ਦੱਸਿਆ ਕਿ 2021-22 ਵਿੱਚ 26 ਖੇਤਰੀ ਪਾਰਟੀਆਂ ਨੂੰ 189 ਕਰੋੜ ਰੁਪਏ ਦਾਨ ਮਿਲਿਆ ਸੀ। ਇਸ ਦਾ 85 ਫੀਸਦ ਹਿੱਸਾ ਜਨਤਾ ਦਲ ਯੂਨਾਈਟਿਡ (ਜੇਡੀਯੂ), ਸਮਾਜਵਾਦੀ ਪਾਰਟੀ (ਐੱਸਪੀ) ਅਤੇ ਆਮ ਆਦਮੀ ਪਾਰਟੀ (ਆਪ) ਸਮੇਤ ਸਿਰਫ ਪੰਜ ਪਾਰਟੀਆਂ ਨੂੰ ਮਿਲਿਆ ਸੀ। ਚੋਣ ਸੁਧਾਰਾਂ ਦੀ ਵਕਾਲਤ ਕਰਨ ਵਾਲੇ ਗਰੁੱਪ ਏਡੀਆਰ ਦੀ ਰਿਪੋਰਟ ਅਨੁਸਾਰ ਅੰਨਾ ਡੀਐੱਮਕੇ, ਬੀਜੇਡੀ, ਐੱਨਡੀਪੀਪੀ, ਐੱਸਡੀਐੱਫ, ਏਆਈਐੱਫਬੀ, ਪੀਐੱਮਕੇ ਅਤੇ ਨੈਸ਼ਨਲ ਕਾਨਫਰੰਸ ਨੇ ਵਿੱਤੀ ਵਰ੍ਹੇ 2021-22 ਦੇ ਅੰਕੜੇ ਨਹੀਂ ਐਲਾਨੇ। ਇਹ ਰਿਪੋਰਟ ਖੇਤਰੀ ਪਾਰਟੀਆਂ ਵੱਲੋਂ ਭਾਰਤੀ ਚੋਣ ਕਮਿਸ਼ਨ (ਏਸੀਆਈ) ਨੂੰ ਦਿੱਤੀ ਗਈ ਜਾਣਕਾਰੀ ‘ਤੇ ਆਧਾਰਿਤ ਹੈ। ਰਿਪੋਰਟ ਅਨੁਸਾਰ ਕੁੱਲ ਦਾਨ 189.801 ਕਰੋੜ ਰੁਪਏ ਦਾ 85.46 ਫੀਸਦ ਹਿੱਸਾ 162.21 ਕਰੋੜ ਰੁਪਏ ਟੀਆਰਐੱਸ, ‘ਆਪ’, ਜੇਡੀਯੂ, ਐੱਸਪੀ ਅਤੇ ਵਾਈਐੱਸਆਰ-ਕਾਂਗਰਸ ਨੂੰ ਮਿਲੇ ਹਨ। ਵਿੱਤੀ ਵਰ੍ਹੇ 2020-21 ਦੇ ਮੁਕਾਬਲੇ 2021-22 ਵਿੱਚ ਟੀਆਰਐੱਸ, ‘ਆਪ’, ਐੱਸਪੀ ਅਤੇ ਵਾਈਐੱਸਆਰ-ਕਾਂਗਰਸ ਨੇ ਵੱਧ ਦਾਨ ਜਦਕਿ ਜੇਡੀਯੂ ਨੇ ਘੱਟ ਦਾਨ ਮਿਲਣ ਦਾ ਦਾਅਵਾ ਕੀਤਾ ਹੈ। ਟੀਆਰਐੱਸ ਨੂੰ 14 ਦਾਨੀਆਂ ਤੋਂ 40.90 ਕਰੋੜ ਰੁਪਏ ਅਤੇ ‘ਆਪ’ ਨੂੰ 2,619 ਦਾਨੀਆਂ ਤੋਂ 38.24 ਕਰੋੜ ਰੁਪਏ ਮਿਲੇ ਹਨ। ਇਸੇ ਤਰ੍ਹਾਂ ਜੇਡੀਯੂ ਨੂੰ 33.26 ਕਰੋੜ, ਐੱਸਪੀ ਨੂੰ 29.80 ਕਰੋੜ ਅਤੇ ਵਾਈਐੱਸਆਰ-ਕਾਂਗਰਸ ਨੂੰ 20 ਕਰੋੜ ਰੁਪਏ ਦਾਨ ਮਿਲਿਆ ਹੈ। ਆਰਐੱਲਟੀਪੀ, ਜੇਐੱਮਐੱਮ, ਪੀਡੀਐੱਫ ਅਤੇ ਡੀਐੱਮਡੀਕੇ ਨੂੰ 2020-21 ਵਿੱਚ ਕੋਈ ਦਾਨ ਨਹੀਂ ਮਿਲਿਆ ਸੀ ਪਰ 2021-22 ਵਿੱਚ ਇਨ੍ਹਾਂ ਨੇ ਦਾਨ ਮਿਲਣ ਬਾਰੇ ਜਾਣਕਾਰੀ ਦਿੱਤੀ ਹੈ। -ਪੀਟੀਆਈ