ਪੁਣੇ, 25 ਅਪਰੈਲ
ਅਗਲਾ ਸਿਆਸੀ ਕਦਮ ਪੁੱਟਣ ਦੀਆਂ ਅਫ਼ਵਾਹਾਂ ਦਰਮਿਆਨ ਅਜੀਤ ਪਵਾਰ ਨੇ ਅੱਜ ਮੁੜ ਦੁਹਰਾਇਆ ਕਿ ਉਹ ਆਖਰੀ ਦਮ ਤੱਕ ਨੈਸ਼ਨਲਿਸਟ ਕਾਂਗਰਸ ਪਾਰਟੀ (ਐਨਸੀਪੀ) ਵਿੱਚ ਰਹਿਣਗੇ। ਉਹ ਮਹਾਰਾਸ਼ਟਰ ਦੇ ਬਾਰਾਮਤੀ ਵਿੱਚ ਪਾਰਟੀ ਦੇ ਸਮਾਗਮ ਦੌਰਾਨ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ,’ਮੇਰੇ ਬਾਰੇ ਕਈ ਸ਼ੰਕੇ ਖੜ੍ਹੇ ਕੀਤੇ ਜਾ ਰਹੇ ਹਨ ਅਤੇ ਬਿਨਾਂ ਕਿਸੇ ਕਾਰਨ ਮੇਰੇ ਆਲੇ ਦੁਆਲੇ ਸ਼ੱਕ ਦਾ ਘੇਰਾ ਬਣਾ ਦਿੱਤਾ ਗਿਆ। ਇਸ ਵਿੱਚ ਫਸਣ ਦੀ ਬਜਾਏ ਮੈਂ ਆਪਣਾ ਕੰਮ ਕਰ ਰਿਹਾ ਹੈ।’ ਉਨ੍ਹਾਂ ਕਿਹਾ,’ਮੈਨੂੰ ਪੂਰਾ ਯਕੀਨ ਹੈ ਕਿ ਤੁਹਾਡੇ ਸਾਰਿਆਂ ਦੇ ਮਨਾਂ ਵਿੱਚ ਵੀ ਕਈ ਸੁਆਲ ਹੋਣਗੇ। ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਉਹੀ ਦੁਹਰਾਵਾਂਗਾ ਜੋ ਮੈਂ ਸਵੇਰੇ ਅੱਠ ਵਜੇ ਦੁਹਰਾਇਆ ਸੀ (2019 ਵਿੱਚ ਹਲਫ ਲੈਣ ਵੱਲ ਇਸ਼ਾਰਾ ਕਰਦਿਆਂ) ਪਰ ਮੈਂ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਮੈਂ ਆਖਰੀ ਦਮ ਤੱਕ ਐਨਸੀਪੀ ਲਈ ਕੰਮ ਕਰਦਾ ਰਹਾਂਗਾ ਅਤੇ ਮੇਰੀ ਪਾਰਟੀ ਜੋ ਵੀ ਫ਼ੈਸਲਾ ਲਵੇਗੀ, ਪ੍ਰਵਾਨ ਕਰਾਂਗਾ।’ ਜ਼ਿਕਰਯੋਗ ਹੈ ਕਿ 23 ਨਵੰਬਰ 2019 ਨੂੰ ਭਾਰਤੀ ਜਨਤਾ ਪਾਰਟੀ ਦੇ ਆਗੂ ਦੇਵੇਂਦਰ ਫੜਨਵੀਸ ਤੇ ਅਜੀਤ ਪਵਾਰ ਨੇ ਕ੍ਰਮਵਾਰ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਪਰ ਕੁਝ ਦਿਨਾਂ ਵਿੱਚ ਹੀ ਸਰਕਾਰ ਡਿੱਗ ਗਈ ਸੀ। ਪਵਾਰ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਜਨਤਾ ਦੀ ਭਲਾਈ ਤੇ ਵਿਕਾਸ ਲਈ ਕੰਮ ਕਰਨਾ ਹੈ। ਪਿਛਲੇ ਕਈ ਹਫ਼ਤਿਆਂ ਤੋਂ ਅਜੀਤ ਪਵਾਰ ਦੇ ਅਗਲੇ ਸਿਆਸੀ ਕਦਮ ਸਬੰਧੀ ਸ਼ੰਕੇ ਖੜ੍ਹੇ ਕੀਤੇ ਜਾ ਰਹੇ ਹਨ। ਕੁਝ ਲੋਕ ਇਹ ਦਾਅਵਾ ਕਰ ਰਹੇ ਹਨ ਕਿ ਉਹ ਭਾਜਪਾ ਨਾਲ ਹੱਥ ਮਿਲਾ ਸਕਦੇ ਹਨ। -ਪੀਟੀਆਈ